by Verpal Singh
ਇਕ ਸਵਾਲ ਨੇ ਮੈਨੂੰ ਬੜਾ ਚਿਰ ਤੰਗ ਕਰੀ ਰਖਿਆ – ਸਿੱਖਾਂ ਨੇ ਗੁਰੂ ਕੋਲੋਂ ਮਿਲਿਆ 239 ਸਾਲਾਂ ਦੀ ਮਿਹਨਤ ਨਾਲ ਘੜਿਆ ਹੋਇਆ ਕਿਰਦਾਰ ਗਵਾਇਆ ਕਿਵੇਂ?
1. ਇਕ ਨੁਕਤਾ ਵਿਚਾਰ ਕੇ ਵੇਖੋ। ਜੇਕਰ ਮੈਂ ਤੁਹਾਨੂੰ ਇਕ ਬਾਈਬਲ ਜਾਂ ਕੁਰਾਨ ਦੇਵਾਂ ਤਾਂ ਤੁਸੀਂ ਕੀ ਕਰੋਗੇ? ਸ਼ਰਤੀਆ ਹੈ ਕਿ ਤੁਸੀਂ ਉਸ ਨੂੰ ਜਦੋਂ ਪੜ੍ਹਨਾ ਸ਼ੁਰੂ ਕਰਨਾ ਹੈ ਤਾਂ ਪਹਿਲੇ ਪੰਨੇ ਤੋਂ ਸ਼ੁਰੂ ਕਰੋਗੇ। ਜਿੰਨੀ ਦੇਰ ਤੱਕ ਤੁਸੀਂ ਉਸ ਨੂੰ ਪੂਰਾ ਪੜ੍ਹ ਨਹੀਂ ਲੈਂਦੇ ਤੁਹਾਨੂੰ ਪਤਾ ਹੋਣਾ ਹੈ ਕਿ ਮੈਂ ਅਜੇ ਬਾਈਬਲ ਜਾਂ ਕੁਰਾਨ ਪੂਰੀ ਨਹੀਂ ਪੜ੍ਹੀ ਇਸ ਲਈ ਇਸ ਨੂੰ ਜਾਨਣ ਦਾ ਦਾਅਵਾ ਨਹੀਂ ਕਰ ਸਕਦਾ।
2. ਹੁਣ ਇਹੀ ਗੱਲ ਗੁਰੂ ਗ੍ਰੰਥ ਸਾਹਿਬ ਤੇ ਲਾ ਕੇ ਵੇਖੋ। ਮੈਂ ਆਪਣੇ ਕੁੱਝ ਮਿਤਰਾਂ ਨੂੰ ਪੁਛਿਆ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਿਆ? ਸਿਰਫ ਇਕ ਨੇ ਸਹਿਜ ਪਾਠ ਕੀਤਾ ਹੋਇਆ ਸੀ ਬਾਕੀ ਸਾਰਿਆਂ ਦੀ ਜਾਣਕਾਰੀ ਦਰਬਾਰ ਸਾਹਿਬ ਦੇ ਹੁਕਮਨਾਮਿਆਂ ਜਾਂ ਇਧਰੋਂ-ਉਧਰੋਂ ਪੜ੍ਹੀਆਂ-ਸੁਣੀਆਂ ਗੁਰਬਾਣੀ ਦੀਆਂ ਤੁਕਾਂ ਤੱਕ ਹੀ ਸੀਮਿਤ ਸੀ।
3. ਇਸਤੋਂ ਇਕ ਗੱਲ ਸਾਫ ਹੋ ਗਈ – ਜਦੋਂ ਅਸੀਂ ਪੂਰੀ ਤਸਵੀਰ ਵੇਖੀ ਹੀ ਨਹੀਂ ਤਾਂ ਜੇਕਰ ਕੋਈ ਹਾਥੀ ਦੀ ਲੱਤ ਨੂੰ ਰੁੱਖ ਦਾ ਤਣਾ ਦਸਦਾ ਹੈ ਤਾਂ ਸਾਡੇ ਵਿਚੋਂ ਬਹੁਤੇ ਉਸ ਗੱਲ ਤੇ ਯਕੀਨ ਕਰ ਲੈਂਦੇ ਹਨ। ਅਤੇ ਜਦੋਂ ਕੋਈ ਸਾਧ ਕਹਿੰਦਾ ਹੈ ਕਿ ਫਲਾਂ ਮਨਮਤ ਗੁਰਮਤਿ ਹੀ ਹੈ ਤਾਂ ਬਹੁਤੇ ਇਸ ਕਰਕੇ ਯਕੀਨ ਕਰ ਲੈਂਦੇ ਨੇ ਕਿਉਂਕਿ ਸਾਧ ਇਹ ਦਰਸਾਉਂਦਾ ਹੈ ਕਿ ਉਸਨੇ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਹੋਇਆ ਹੈ ਅਤੇ ਅਸੀਂ ਉਸਦੀ ਗੱਲ ਤੇ ਯਕੀਨ ਕਰ ਲਈਦਾ ਹੈ।
4. ਸੋ ਗੁਰੂ ਸਾਹਿਬ ਵਲੋਂ ਘੜਿਆ ਸਿਖ ਦਾ ਕਿਰਦਾਰ ਮੁੜ ਸੁਰਜੀਤ ਕਰਨਾ ਬੜਾ ਸੌਖਾ ਹੈ – ਹਰੇਕ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਘੱਟੋ-ਘੱਟ ਇਕ ਵਾਰੀ ਚੰਗੀ ਤਰ੍ਹਾਂ ਸਮਝ ਕੇ ਆਪਣੀ ਜਿੰਦਗੀ ਵਿਚ ਸੰਪੂਰਣ ਪੜ੍ਹੇ।
5. ਇਸ ਦੀ ਮਹੱਤਤਾ ਮੈਨੂੰ ਉਸ ਵੇਲੇ ਸਮਝ ਆਈ ਜਦੋਂ “ਹੁਕਮ” ਅਤੇ “ਰਜਾ” ਦਾ ਫਰਕ ਸਮਝ ਲੱਗਾ। ਹੈਰਾਨੀ ਇਸ ਗੱਲ ਦੀ ਹੈ ਕਿ ਇਹ ਫਰਕ ਜਪੁ ਜੀ ਦੀਆਂ ਪਹਿਲੀਆਂ ਦੋ ਪੌੜੀਆਂ ਵਿਚ ਹੀ ਸਮਝਾ ਦਿਤਾ ਗਿਆ ਹੈ ਪਰ ਇਸਦੀ ਸਮਝ ਪੂਰਾ ਜਪੁ ਜੀ ਪੜ੍ਹਣ ਅਤੇ ਵਿਚਾਰਨ ਤੇ ਹੀ ਮੈਨੂੰ ਆਈ।
6. ਪ੍ਰੋ ਸਾਹਿਬ ਸਿੰਘ ਪਹਿਲੀ ਪਉੜੀ ਦੀਆਂ ਆਖਰੀ ਦੋ ਤੁਕਾਂ ਦੇ ਅਰਥ ਇਹ ਕਰਦੇ ਹਨ: “(ਤਾਂ ਫਿਰ) ਅਕਾਲ ਪੁਰਖ ਦਾ ਪਰਕਾਸ਼ ਹੋਣ ਲਈ ਯੋਗ ਕਿਵੇਂ ਬਣ ਸਕੀਦਾ ਹੈ (ਅਤੇ ਸਾਡੇ ਅੰਦਰ ਦਾ) ਕੂੜ ਦਾ ਪਰਦਾ ਕਿਵੇਂ ਟੁੱਟ ਸਕਦਾ ਹੈ? ਰਜ਼ਾ ਦੇ ਮਾਲਕ ਅਕਾਲ ਪੁਰਖ ਦੇ ਹੁਕਮ ਵਿਚ ਤੁਰਨਾ-(ਇਹੀ ਇਕ ਵਿਧੀ ਹੈ)। ਹੇ ਨਾਨਕ! (ਇਹ ਵਿਧੀ) ਧੁਰ ਤੋਂ ਹੀ ਜਦ ਤੋਂ ਜਗਤ ਬਣਿਆ ਹੈ, ਲਿਖੀ ਚਲੀ ਆ ਰਹੀ ਹੈ ।੧।
“ਭਾਵ:- ਪ੍ਰਭੂ ਨਾਲੋਂ ਜੀਵ ਦੀ ਵਿੱਥ ਮਿਟਾਣ ਦਾ ਇਕੋ ਹੀ ਤਰੀਕਾ ਹੈ ਕਿ ਜੀਵ ਉਸ ਦੀ ਰਜ਼ਾ ਵਿਚ ਤੁਰੇ। ਇਹ ਅਸੂਲ ਧੁਰ ਤੋਂ ਹੀ ਰੱਬ ਵਲੋਂ ਜੀਵ ਲਈ ਜਰੂਰੀ ਹੈ। ਪਿਤਾ ਦੇ ਕਹੇ ਵਿਚ ਪੁੱਤਰ ਤੁਰਦਾ ਰਹੇ ਤਾਂ ਪਿਆਰ, ਨਾ ਤੁਰੇ ਤਾਂ ਵਿੱਥ ਪੈਂਦੀ ਜਾਂਦੀ ਹੈ।”
7. ਮਸਲਾ ਇਹ ਬਣਦਾ ਹੈ ਕਿ ਅਰਥਾਂ ਵਿਚ ਪ੍ਰੋ ਸਾਬ੍ਹ ਹੁਕਮ ਵਿਚ ਤੁਰਨ ਲਈ ਕਹਿ ਰਹੇ ਹਨ ਅਤੇ ਭਾਵ ਅਰਥਾਂ ਵਿਚ ਰਜ਼ਾ ਵਿਚ ਤੁਰਨ ਲਈ। ਇਸ ਨਾਲ ਮੇਰੇ ਦਿਮਾਗ ਨੇ “ਹੁਕਮ=ਰਜਾ” ਸਮਝਿਆ ਅਤੇ ਅੱਗੇ ਤੁਰ ਪਿਆ।
8. ਹੁਣ ਅਗਲੀ ਪੌੜੀ ਜਦੋਂ ਇਸ ਸਮਝ ਨਾਲ ਪੜ੍ਹਦੇ ਹਾਂ ਤਾਂ ਕਈ ਮਸਲੇ ਖੜ੍ਹੇ ਹੋ ਜਾਂਦੇ ਹਨ। ਇਕ ਜਿਹੜਾ ਆਮ ਸੁਣਨ ਵਿਚ ਆਉਂਦਾ ਹੈ ਉਹ ਇਹ ਹੈ ਕਿ ਜੇਕਰ ਸੱਭ ਕੁੱਝ ਰੱਬ ਦੇ ਹੁਕਮ ਵਿਚ ਹੀ ਹੋ ਰਿਹਾ ਹੈ ਤਾਂ ਇਸਦਾ ਮਤਲਬ ਕਤਲ, ਚੋਰੀਆਂ, ਡਾਕੇ, ਬੇਈਮਾਨੀਆਂ ਜਾਂ ਹੋਰ ਜੋ ਵੀ ਮਾੜਾ ਹੋ ਰਿਹਾ ਹੈ ਇਹ ਸੱਭ ਕੁੱਝ ਵੀ ਤਾਂ ਫਿਰ ਰੱਬ ਦਾ ਹੁਕਮ ਹੀ ਹੋਇਆ?
9. ਇਥੇ ਸਮਝਣ ਵਾਲੀ ਗੱਲ ਇਹ ਹੈ ਕਿ free will ਦੇ ਸਕੰਲਪ ਬਾਬਤ ਹਰੇਕ ਧਰਮ ਵਿਚ ਵੱਡੇ ਪੱਧਰ ਤੇ ਬਹਿਸ ਸੈਂਕੜਿਆਂ ਸਾਲਾਂ ਤੋਂ ਜਾਰੀ ਹੈ। ਸਿੱਖੀ ਵਿਚ ਇਸਨੂੰ ਸ਼ੁਰੂ ਦੀਆਂ ਪੌੜੀਆਂ ਵਿਚ ਹੀ ਨਬੇੜ ਦਿੱਤਾ ਗਿਆ ਹੈ – ਦੁਜੀ ਪੌੜੀ ਵਿਚ ਇਹ ਸਾਫ ਹੈ ਕਿ ਸੱਭ ਕੁਝ ਹੁਕਮ ਅੰਦਰ ਹੈ ਹੁਕਮ ਤੋਂ ਬਾਹਰ ਕੁੱਝ ਨਹੀਂ। ਪਹਿਲੀ ਪੌੜੀ ਵਿਚ ਇਹ ਕਿਹਾ ਹੈ ਕਿ ਬੰਦੇ ਲਈ ਹੁਕਮ ਇਹ ਹੈ ਕਿ ਰੱਬ ਦੀ ਰਜਾ ਵਿਚ ਤੁਰਨਾ।
10. ਯਾਨੀ “ਹੁਕਮ” ਨੂੰ ਅਸੀਂ ਇਵੇਂ ਸਮਝੀਏ ਕਿ – “ਜੋ ਕੁਝ ਹੈ ਅਤੇ ਜੋ ਕੁਝ ਵੀ ਹੋ ਸਕਦਾ ਹੈ (ਸਾਰੀਆਂ ਸੰਭਾਵਨਾਵਾਂ)” – “ਹੁਕਮੈ ਅੰਦਰਿ ਸੱਭੁ ਕੋ ਬਾਹਰਿ ਹੁਕਮ ਨ ਕੋਇ”।
11. ਰਜਾ ਉਹ ਹੈ ਜੋ ਰੱਬ ਨੂੰ ਭਾਉਂਦਾ ਹੈ – ਅਤੇ ਰਜਾ ਵਿਚ ਰਹਿਣਾ ਵੀ ਕਈਆਂ ਵਿਚੋਂ ਇਕ ਸੰਭਾਵਨਾ ਹੈ। ਅਸੀਂ ਉਹ ਕੰਮ ਕਰਨ ਲਈ ਵੀ ਅਜਾਦ ਹਾਂ ਜਿਹੜੇ ਰੱਬ ਨੂੰ ਭਾਉਂਦੇ ਨਾ ਹੋਣ। ਮਸਲਨ ਜੇਕਰ ਕਿਸੇ ਨੇ ਮੇਰੀ ਲੱਤ ਭੰਨ ਦਿਤੀ ਹੈ ਤਾਂ ਮੇਰੇ ਕੋਲ ਕਈ ਸੰਭਾਵਨਾਵਾਂ ਹਨ – ਮੈਂ ਉਸ ਦੀ ਲੱਤ ਭੰਨ ਸਕਦਾ ਹਾਂ; ਮੈਂ ਉਸ ਦਾ ਕੋਈ ਹੋਰ ਨੁਕਸਾਨ ਬਦਲੇ ਦੀ ਭਾਵਨਾ ਵਿਚ ਕਰ ਸਕਦਾ ਹਾਂ; ਮੈਂ ਉਸ ਨੂੰ ਮਾਫ ਕਰ ਸਕਦਾ ਹਾਂ, ਆਦਿ। ਹੁਣ ਮੈਂ ਫੈਸਲਾ ਇਹ ਕਰਨਾ ਹੈ ਕਿ ਇਹਨਾਂ ਸਾਰੀਆਂ ਸੰਭਾਵਨਾਵਾਂ ਵਿਚੋਂ ਮੈਂ ਕਿਹੜੀ ਚੁਣਨੀ ਹੈ ਜਿਹੜੀ ਰੱਬ ਨੂੰ ਭਾਉਂਦੀ ਹੋਵੇ, ਜਿਹੜੀ ਮੈਨੂੰ ਲਗਦਾ ਹੈ ਕਿ ਰੱਬ ਦੀ ਰਜਾ ਹੈ।
ਜੇਕਰ ਅਸੀਂ ਇਮਾਨਦਾਰੀ ਨਾਲ ਕਿਸੇ ਵੀ ਫੈਸਲੇ ਦੀ ਘੜੀ ਵਿਚ ਆਪਣੇ ਅੰਦਰ ਝਾਤ ਮਾਰੀਏ ਤਾਂ ਇਸਦਾ ਜਵਾਬ ਸਹਿਜੇ ਹੀ ਮਿਲ ਜਾਂਦਾ ਹੈ ਕਿ ਸਾਰੀਆਂ ਸੰਭਾਵਨਾਵਾਂ ਵਿਚੋਂ ਰੱਬ ਦੀ ਰਜਾ ਕੀ ਹੈ। ਰੱਬ ਦੀ ਰਜਾ ਵਿਚ ਤੁਰਨ ਨੇ ਹੀ ਸਿੱਖ ਦਾ ਕਿਰਦਾਰ ਸਿਰਜਿਆ ਸੀ ਜਿਹੜਾ ਅੱਜ ਜਾਪਦਾ ਹੈ ਕਿ ਅਸੀਂ ਗਵਾ ਬੈਠੇ ਹਾਂ।
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥