ਜਾਤ ਦਾ ਕੋੜ੍ਹ ਅਤੇ ਇਸਦਾ ਸਿੱਖਾਂ ਉਤੇ ਅਸਰ – ਭਾਗ ਪਹਿਲਾ

Spread the love

ਸਿਖਾਂ ਉਤੇ ਜਾਤ-ਪਾਤ ਦੇ ਕੋੜ੍ਹ ਦੀ ਦਿਨੋ ਦਿਨ ਤੰਗ ਹੋ ਰਹੀ ਗਰਿਫਤ ਨੂੰ ਵਿਚਾਰਨਾ ਸਾਡੇ ਲਈ ਬਹੁਤ ਜਰੂਰੀ ਹੈ। ਜੇਕਰ ਇਸ ਦੀ ਪੜਚੋਲ ਕਰਕੇ ਇਸ ਨੂੰ ਠੱਲ ਪਾਉਣ ਦੇ ਤਰੀਕੇ ਨਾ ਪਛਾਣੇ ਗਏ ਤਾਂ ਇਹ ਸਾਡੀ ਹੋਂਦ ਨੂੰ ਅੱਜ ਤੋਂ ਕਿਤੇ ਵੱਡਾ ਖਤਰਾ ਬਣ ਜਾਵੇਗਾ।
ਜਿਵੇਂ ਕੋੜ੍ਹ ਜਾਂ ਪੋਲੀਓ ਸਿਰਫ ਸਰੀਰ ਤੇ ਹੀ ਅਸਰ ਨਹੀਂ ਕਰਦਾ ਸਗੋਂ ਇਸਦਾ ਵਧੇਰੇ ਅਸਰ ਦਿਮਾਗ ਉਤੇ ਹੁੰਦਾ ਹੈ ਉਵੇਂ ਹੀ ਜਾਤੀ-ਵਿਤਕਰੇ ਦਾ ਅਸਰ ਸਾਡੇ ਪੰਥਕ ਸਰੀਰ ਦੇ ਨਾਲ ਨਾਲ ਪੰਥਕ ਸੋਚ ਉਤੇ ਵਧੇਰੇ ਖਤਰੇ ਵਾਲਾ ਹੈ। ਇਹ ਗੱਲ ਉਦੋਂ ਸਮਝ ਆਉਂਦੀ ਹੈ ਜਦੋਂ ਅਸੀਂ ਹੇਠਲੇ ਨੁਕਤੇ ਵਿਚਾਰਦੇ ਹਾਂ:
1. ਪੰਜਾਬ ਦਾ ਨੌਜਵਾਨ ਖੇਤਾਂ ਵਿਚ ਮਿਟੀ ਨਾਲ ਮਿਟੀ ਹੋਣ ਵਿਚ ਸਰਮ ਕਿਉਂ ਮਹਿਸੂਸ ਕਰਦਾ ਹੈ? ਕਿੰਨੇ ਫੀਸਦੀ ਜੱਟ ਖੇਤੀ ਦੀਆਂ ਪੁਰਾਤਨ ਤਕਨੀਕਾਂ ਤੋਂ ਜਾਣੂ ਹਨ? ਕਿੰਨੇ ਫੀਸਦੀ ਆਧੁਨਿਕ ਤਕਨੀਕਾਂ ਤੋਂ ਜਾਣੂ ਹਨ? ਮਾਪੇ ਆਪਣੇ ਨਿਆਣਿਆਂ ਨੂੰ ਜਿੰਮੀਦਾਰੇ ਦੀ ਬਜਾਏ ਹੋਰਨਾਂ ਕਿੱਤਿਆਂ ਵੱਲ ਕਿਉਂ ਪਰੇਰਦੇ ਹਨ?
2. ਪੰਜਾਬ ਦਾ ਨੌਜਵਾਨ ਚਮੜੇ ਦਾ ਕੰਮ ਕਰਨ ਵਿਚ ਸਰਮ ਕਿਉਂ ਮਹਿਸੂਸ ਕਰਦਾ ਹੈ? ਕਿੰਨੇ ਫੀਸਦੀ ਚਮਾਰ ਚਮੜੇ ਨੂੰ ਤਿਆਰ ਕਰਨ ਅਤੇ ਵਰਤੋਂ ਵਿਚ ਲਿਆਉਣ ਦੀਆਂ ਪੁਰਾਤਨ ਤਕਨੀਕਾਂ ਤੋਂ ਜਾਣੂ ਹਨ? ਕਿੰਨੇ ਫੀਸਦੀ ਆਧੁਨਿਕ ਤਕਨੀਕਾਂ ਤੋਂ ਜਾਣੂ ਹਨ? ਮਾਪੇ ਆਪਣੇ ਨਿਆਣਿਆਂ ਨੂੰ ਚਮੜੇ ਦੇ ਕੰਮ ਦੀ ਬਜਾਏ ਹੋਰਨਾਂ ਕਿੱਤਿਆਂ ਵੱਲ ਕਿਉਂ ਪਰੇਰਦੇ ਹਨ?
3. ਪੰਜਾਬ ਦਾ ਨੌਜਵਾਨ ਲਕੜੀ ਜਾਂ ਉਸਾਰੀ ਦਾ ਕੰਮ ਕਰਨ ਵਿਚ ਸਰਮ ਕਿਉਂ ਮਹਿਸੂਸ ਕਰਦਾ ਹੈ? ਕਿੰਨੇ ਫੀਸਦੀ ਤਰਖਾਣ ਲਕੜ ਵਰਤਣ ਦੀਆਂ ਜਾਂ ਉਸਾਰੀ ਦੀਆਂ ਪੁਰਾਤਨ ਤਕਨੀਕਾਂ ਤੋਂ ਜਾਣੂ ਹਨ? ਕਿੰਨੇ ਫੀਸਦੀ ਆਧੁਨਿਕ ਤਕਨੀਕਾਂ ਤੋਂ ਜਾਣੂ ਹਨ? ਮਾਪੇ ਆਪਣੇ ਨਿਆਣਿਆਂ ਨੂੰ ਤਰਖਾਣ ਜਾਂ ਮਿਸਤਰੀ ਦੀ ਬਜਾਏ ਹੋਰਨਾਂ ਕਿੱਤਿਆਂ ਵੱਲ ਕਿਉਂ ਪਰੇਰਦੇ ਹਨ?
4. ਪੰਜਾਬ ਦਾ ਨੌਜਵਾਨ ਕੱਪੜਾ ਬੁਣਨ ਵਿਚ ਸਰਮ ਕਿਉਂ ਮਹਿਸੂਸ ਕਰਦਾ ਹੈ? ਕਿੰਨੇ ਫੀਸਦੀ ਜਲਾਹੇ ਕਪੜਾ ਬੁਣਨ ਦੀਆਂ ਪੁਰਾਤਨ ਤਕਨੀਕਾਂ ਤੋਂ ਜਾਣੂ ਹਨ? ਕਿੰਨੇ ਫੀਸਦੀ ਆਧੁਨਿਕ ਤਕਨੀਕਾਂ ਤੋਂ ਜਾਣੂ ਹਨ? ਮਾਪੇ ਆਪਣੇ ਨਿਆਣਿਆਂ ਨੂੰ ਕਪੜੇ ਦੇ ਕੰਮ ਦੀ ਬਜਾਏ ਹੋਰਨਾਂ ਕਿੱਤਿਆਂ ਵੱਲ ਕਿਉਂ ਪਰੇਰਦੇ ਹਨ?

ਇਹਨਾਂ ਸਵਾਲਾਂ ਨੂੰ ਆਪਾਂ ਅਗਲੀਆਂ ਚਾਰ ਪੋਸਟਾਂ ਵਿਚ ਵਿਚਾਰਾਂਗੇ। ਹਰੇਕ ਪੋਸਟ ਇਕ ਕਿੱਤੇ/ਜਾਤ ਤੇ ਕੇਂਦਰਤ ਹੋਵੇਗੀ ਅਤੇ ਤਰਤੀਬਵਾਰ ਪੰਜਾਬ ਦੇ ਜੱਟ ਦਾ ਟਾਕਰਾ ਡੈਨਮਾਰਕ ਦੇ ਜੱਟ ਨਾਲ, ਪੰਜਾਬ ਦੇ ਚਮਾਰ ਦਾ ਟਾਕਰਾ ਇਟਲੀ ਦੇ ਚਮਾਰ ਨਾਲ, ਪੰਜਾਬ ਦੇ ਤਰਖਾਣ ਦਾ ਟਾਕਰਾ ਜਪਾਨ ਦੇ ਤਰਖਾਣ ਨਾਲ ਅਤੇ ਪੰਜਾਬ ਦੇ ਜਲਾਹੇ ਦਾ ਟਾਕਰਾ ਇਰਾਨ ਦੇ ਜਲਾਹੇ ਨਾਲ ਕਰਕੇ ਇਹ ਵੇਖਾਂਗੇ ਕਿ ਜਿਹਨਾਂ ਕੌਮਾਂ ਨੇ ਆਪਣੇ ਕਾਰੀਗਰਾਂ ਨੂੰ ਇੱਜਤ ਦਿਤੀ ਹੈ ਉਹ ਕੌਮਾਂ ਨਾ ਸਿਰਫ ਆਪਣੀ ਅਣਖ ਬਰਕਰਾਰ ਰੱਖਣ ਵਿਚ ਸਫਲ ਹਨ ਬਲਕਿ ਤਰੱਕੀ ਵੀ ਵੱਧ ਚੜ੍ਹ ਕੇ ਕਰ ਰਹੀਆਂ ਹਨ।

ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥

ਵਰਪਾਲ ਸਿੰਘ

Leave a Reply

Your email address will not be published. Required fields are marked *