ਭਾਈ ਸਰਬਜੀਤ ਸਿੰਘ ਜੀ ਧੂੰਦਾ ਦੀ ਨਿਉਜੀਲੈਂਡ ਦੀ ਗੁਰਮਤਿ ਪ੍ਰਚਾਰ ਫੇਰੀ 5 ਅਗਸਤ ਤੋਂ 27 ਅਗਸਤ 2017

Spread the love

ਭਾਈ ਸਰਬਜੀਤ ਸਿੰਘ ਜੀ ਧੂੰਦਾ ਦੀ ਨਿਉਜੀਲੈਂਡ ਦੀ ਗੁਰਮਤਿ ਪ੍ਰਚਾਰ ਫੇਰੀ 5 ਅਗਸਤ ਨੂੰ ਅਰੰਭ ਹੋ ਕੇ 27 ਅਗਸਤ ਨੂੰ ਸੰਗਤਾਂ ਦੇ ਭਰਵੇਂ ਹੁੰਗਾਰੇ ਨਾਲ ਸੰਪੂਰਣ ਹੋਈ। ਇਸ ਫੇਰੀ ਦੇ ਕਈ ਪੱਖ ਹਨ ਜਿਹੜੇ ਨਿਉਜੀਲੈਂਡ ਤੋਂ ਬਾਹਰ ਵੱਸਦੀਆਂ ਸੰਗਤਾਂ ਨਾਲ ਸਾਂਝੇ ਕਰਨੇ ਜਰੂਰੀ ਹਨ।

1. ਧੂੰਦਾ ਜੀ ਨੂੰ ਨਿਉਜੀਲੈਂਡ ਆਉਣ ਦਾ ਸੱਦਾ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ (ਹੈਮਿਲਟਨ) ਦੀ ਸੰਗਤ ਨੇ ਟੀ ਪੁੱਕੀ ਦੇ ਵੀਰ ਜੋਗਾ ਸਿੰਘ ਨਡਾਲਾ ਰਾਹੀਂ ਘੱਲਿਆ ਸੀ।

2. ਇਹ ਸੱਦਾ ਦੇਣ ਵਾਲੀ ਕਮੇਟੀ (ਖਾਸ ਕਰਕੇ ਵੀਰ ਚਰਨਜੀਤ ਸਿੰਘ ਢਿਲੋਂ) ਦੀ ਗੁਰਮਤਿ ਸੋਝੀ ਦਾ ਇਕ ਵੱਡਾ ਪ੍ਰਮਾਣ ਹੈ ਕਿ ਉਹਨਾਂ ਇਕ ਹਫਤਾ ਆਪਣੇ ਲਈ ਰੱਖ ਕੇ ਦੋ ਹਫਤੇ ਹੋਰਨਾਂ ਸਿਖ ਅਦਾਰਿਆਂ ਨੂੰ ਭਾਈ ਸਾਹਿਬ ਦੀਆਂ ਗੁਰਮਤਿ ਪ੍ਰਚਾਰ ਸੇਵਾਵਾਂ ਦਾ ਲਾਹਾ ਲੈਣ ਹਿੱਤ ਦੇ ਦਿਤੇ।

3. ਇਸਦਾ ਸਦਕਾ, ਧੂੰਦਾ ਜੀ ਨੇ ਆਪਣੇ ਨਿਊਜੀਲੈਂਡ ਵਿਚਲੇ 22 ਦਿਨਾਂ ਦੌਰਾਨ ਹੈਮਿਲਟਨ, ਆਕਲੈਂਡ, ਫਾਂਗਾਰਈ, ਟੌਰੰਗਾ, ਟੀ ਪੁੱਕੀ ਅਤੇ ਨੇਪੀਅਰ-ਹੇਸਟਿੰਗਜ਼ ਦੇ ਗੁਰਦੁਆਰਿਆਂ ਦੀਆਂ ਸੰਗਤਾਂ ਨੂੰ ਗੁਰੂ ਦੇ ਸਬਦ ਨਾਲ ਜੋੜਿਆ।
4. ਹਰੇਕ ਗੁਰਦੁਆਰੇ ਵਿਚਲੀ ਕਥਾ ਦੇ ਦੋ ਮੁੱਖ ਪੱਖ ਇਥੇ ਵਰਨਣ ਯੋਗ ਹਨ – ਪਹਿਲਾ, ਗੁਰਦੁਆਰਾ ਸਾਹਿਬ ਵਿਚ ਲਾਗੂ ਮਰਿਆਦਾ ਵਿਚ ਜਿਥੇ ਵੀ ਕੋਈ ਕੁਤਾਹੀ ਨਜਰ ਆਈ ਭਾਈ ਸਾਹਿਬ ਨੇ ਪ੍ਰਬੰਧਕਾਂ ਨਾਲ ਗੱਲ ਕਰਕੇ ਉਸਨੂੰ ਸੁਧਾਰਨ ਲਈ ਕਿਹਾ; ਅਤੇ ਦੂਜਾ, ਹਰ ਕਥਾ ਤੋਂ ਬਾਦ ਭਾਈ ਸਾਹਿਬ ਸੰਗਤ ਵਿਚ ਬੈਠ ਕੇ ਸੰਗਤ ਦੇ ਸੁਆਲਾਂ ਦੇ ਜਵਾਬ ਦਿੰਦੇ ਰਹੇ।

 

5. ਜੇਕਰ ਪਹਿਲਾ ਨੁਕਤਾ ਹੋਰ ਵਿਚਾਰੀਏ ਤਾਂ ਇਹ ਗੱਲ ਸਾਡੇ ਵਿਚ ਵੱਧ ਰਹੀ ਰਾਜਸੀ ਪਰਪੱਕਤਾ ਦੀ ਨਿਸਾਨਦੇਹੀ ਕਰਦੀ ਹੈ ਕਿ ਧੂੰਦਾ ਜੀ ਨੇ ਕਥਾ ਦੌਰਾਨ ਸਟੇਜ ਤੋਂ ਪ੍ਰਬੰਧਕਾਂ ਨੂੰ ਤਾਨੇ-ਮਿਹਣੇ ਨਹੀਂ ਮਾਰੇ ਬਲਕਿ ਜਦੋਂ ਪ੍ਰਬੰਧਕ ਭਾਈ ਸਾਹਿਬ ਨਾਲ ਵਿਚਾਰ ਲਈ ਬੈਠੇ ਉਸ ਵਕਤ ਉਹਨਾਂ ਮਰਿਆਦਾ ਦੀ ਹੋ ਰਹੀ ਕਿਸੇ ਵੀ ਉਲੰਘਣਾ ਵੱਲ ਉਹਨਾਂ ਦਾ ਧਿਆਨ ਦਵਾਇਆ। ਜਿਸ ਵਿਚ ਇਕ ਗੱਲ ਜਿਹੜੀ ਸਾਫ ਹੋਈ ਉਹ ਇਹ ਸੀ ਕਿ ਬਹੁਤੇ ਪ੍ਰਬੰਧਕ ਗ੍ਰੰਥੀ ਸਿੰਘਾਂ ਦੇ ਗਿਆਨ ਤੇ ਨਿਰਭਰ ਹਨ। ਇਸ ਵਜੋਂ ਧੂੰਦਾ ਜੀ ਨੇ ਪ੍ਰਬੰਧਕ ਕਮੇਟੀਆਂ ਅਤੇ ਹੋਰਨਾਂ ਨੁਮਾਇੰਦਿਆਂ ਦੀ ਮੀਟਿੰਗ ਸੱਦੀ ਜਿਸ ਵਿਚ ਇਹ ਫੈਸਲਾ ਲਿਆ ਗਿਆ ਕਿ ਕਮੇਟੀਆਂ ਗ੍ਰੰਥੀ ਸਿੰਘਾਂ ਦੀ ਚੋਣ ਵੇਲੇ ਇਹ ਧਿਆਨ ਰੱਖਣ ਕਿ ਉਹ ਪੰਥ ਪ੍ਰਵਾਣਤ ਰਹਿਤ ਮਰਿਆਦਾ ਨੂੰ ਪ੍ਰਣਾਏ ਹੋਏ ਹਨ। ਇਹ ਇਕ ਬੜੇ ਸੁਚੱਜੇ ਤਰੀਕੇ ਨਾਲ ਗੁਰਦੁਆਰਾ ਪ੍ਰਬੰਧ ਵਿਚਲੀਆਂ ਛੋਟੀਆਂ ਛੋਟੀਆਂ ਘਾਟਾਂ ਨੂੰ ਦੂਰ ਕਰਨ ਦਾ ਚਿਰ ਸਥਾਈ ਹੱਲ ਸੀ।

6. ਇਕ ਹੋਰ ਗੱਲ ਜਿਹੜੀ ਉਸ ਮੀਟਿੰਗ ਵਿਚ ਜਨਤਕ ਤੌਰ ਤੇ ਐਲਾਨ ਵਜੋਂ ਕੀਤੀ ਗਈ ਉਹ ਇਹ ਸੀ ਕਿ ਕੋਈ ਵੀ ਪ੍ਰਬੰਧਕ ਕਮੇਟੀ ਕਿਸੇ ਸਿਆਸੀ ਲੀਡਰ, ਡੇਰੇ, ਜਾਂ ਫਿਰਕੇ ਨੂੰ ਗੁਰਮਤਿ ਸਿਧਾਂਤ ਉਪਰ ਤਰਜੀਹ ਨਹੀਂ ਦਿੰਦੀ। ਜੇ ਕਰ ਕੋਈ ਅਜਿਹਾ ਝੂਠਾ ਬਿਆਨ ਦਿੰਦਾ ਹੈ ਕਿ “ਫਲਾਂ ਗੁਰਦੁਆਰਾ ਬਾਦਲਾਂ ਦਾ ਹੈ ਜਾਂ ਜਥੇਦਾਰਾਂ ਦਾ ਹੈ” ਤਾਂ ਉਹ ਅਜਿਹਾ ਸੱਭ ਕੁਝ ਜਾਣਦਿਆਂ ਹੋਇਆਂ ਕਿਸੇ ਬਈਮਾਨ ਟੀਚੇ ਨੂੰ ਹਾਸਲ ਕਰਨ ਹਿਤ ਕਹਿ ਰਿਹਾ ਹੈ।

7. ਕਥਾ ਤੋਂ ਬਾਦ ਵਾਲੀਆਂ ਸੰਗਤਾਂ ਨਾਲ ਵਿਚਾਰਾਂ ਵਿਚੋਂ ਕਈ ਗੱਲਾਂ ਹੋਰ ਸਾਫ ਹੋਈਆਂ। ਪਹਿਲੀ ਗੱਲ ਕਿ ਸੰਗਤਾਂ ਨੂੰ ਇਹ ਪਤਾ ਲੱਗ ਗਿਆ ਕਿ ਧੂੰਦਾ ਜੀ ਅਤੇ ਹੋਰ ਜਾਗਰੂਕ ਪ੍ਰਚਾਰਕਾਂ ਬਾਰੇ ਜੇ ਕੋਈ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਤਾਂ ਉਹ ਬਈਮਾਨੀ ਅਤੇ ਪੰਥ-ਵਿਰੋਧੀ ਸੋਚ ਦੀ ਉਪਜ ਹੈ। ਧੂੰਦਾ ਜੀ ਨੂੰ ਬੇਧੜਕ ਹੋ ਕੇ ਸੰਗਤਾਂ ਨੇ ਇਹਨਾਂ ਮੁੱਦਿਆਂ ਤੇ ਸਵਾਲ ਕੀਤੇ ਅਤੇ ਉਹਨਾਂ ਨਿਧੜਕ ਹੋ ਕੇ ਜਨਤਕ ਤੌਰ ਤੇ ਜਵਾਬ ਦਿਤੇ। ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਕੁੱਝ ਸਿਆਸੀ ਮੁੱਦਿਆਂ ਤੇ ਉਹ ਬਿਆਨ ਦੇਣ ਤਾਂ ਉਹਨਾਂ ਬੜਾ ਵਧੀਆ ਜਵਾਬ ਦਿਤਾ ਕਿ ਪੰਜਾਬ ਦੀ ਸਿਆਸਤ ਉਹਨਾਂ ਵਿਸ਼ਿਆਂ ਵਿਚੋਂ ਇਕ ਹੈ ਜਿਸ ਵਿਚ ਉਹ ਮਹਾਰਤ ਰੱਖਣ ਦਾ ਦਾਅਵਾ ਨਹੀਂ ਕਰਦੇ, ਇਸ ਲਈ ਅਜਿਹੇ ਵਿਸ਼ਿਆਂ ਤੇ ਬਿਆਨ ਦੇਣੇ ਸੰਗਤ ਨੂੰ ਗੁਮਰਾਹ ਕਰਨਾ ਹੋਵੇਗਾ। ਉਹਨਾਂ ਦਾ ਵਿਸ਼ਾ ਗੁਰਮਤਿ ਸਿਧਾਂਤ ਅਤੇ ਇਸ ਨਾਲ ਜੁੜੇ ਕੌਮੀ ਮੁੱਦੇ ਹਨ, ਜਿਸ ਬਾਰੇ ਉਹ ਆਪਣਾ ਪੱਖ ਰੱਖਦੇ ਰਹਿੰਦੇ ਹਨ। ਇਕ ਸਵਾਲ ਦੇ ਜਵਾਬ ਵਿਚ ਉਹਨਾਂ ਇਹ ਦਲੀਲ ਵੀ ਦਿਤੀ ਕਿ “ਕਿਸੇ ਵਕੀਲ ਤੋਂ ਸਾਨੂੰ ਇਹ ਤਵੱਕੋ ਨਹੀਂ ਰੱਖਣੀ ਚਾਹੀਦੀ ਕਿ ਉਹ ਫੈਲੀ ਮਹਾਂਮਾਰੀ ਨੂੰ ਰੋਕਣ ਵਿਚ ਅੱਗੇ ਲੱਗੇ” ਅਤੇ ਕਿਸੇ ਕਨੂੰਨੀ ਮੁੱਦੇ ਉਤੇ ਸਾਨੂੰ ਕਿਸੇ ਡਾਕਟਰ ਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ “ਤੁਸੀਂ ਦੁਨੀਆ ਦੇ ਮਸਹੂਰ ਡਾਕਟਰ ਹੋ ਇਸ ਨੁਕਤੇ ਤੇ ਵੀ ਕੌਮ ਨੂੰ ਸੇਧ ਦਓ।”

8. ਆਪਣੇ ਜੀਵਣ ਦੇ ਅਤੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਟੀਚੇ ਬਾਰੇ ਗੱਲ ਕਰਦਿਆਂ ਉਹਨਾਂ ਆਪਣੀ ਇਕ ਕਈ ਸਾਲ ਪਹਿਲਾਂ ਦਿਤੀ ਉਧਾਰਣ ਨੂੰ ਦੁਹਰਾਇਆ। “ਇਕ ਵਾਰ ਕਿਸੇ ਸ਼ਹਿਰ ਵਿਚ ਇਕ ਜੌਹਰੀ ਦੀ ਮੌਤ ਹੋ ਗਈ। ਪਿਛੇ ਉਸਦਾ ਇਕ ਦੱਸ ਸਾਲ ਦਾ ਮੁੰਡਾ ਅਤੇ ਵਿਧਵਾ ਰਹਿ ਗਏ। ਆਮਦਨ ਦਾ ਸਾਧਨ ਕੋਈ ਨਾ ਰਿਹਾ। ਜਿੰਨੇ ਕੋਈ ਪੈਸੇ ਬਚਾ ਕੇ ਰੱਖੇ ਸਨ ਉਹ ਕੁੱਝ ਚਿਰ ਵਿਚ ਘਰ ਚਲਾਉਣ ਵਿਚ ਖਰਚੇ ਗਏ। ਵਿਧਵਾ ਕੋਲ ਇਕ ਥੈਲੀ ਵਿਚ ਕੁੱਝ ਹੀਰੇ-ਜਵਾਹਰਾਤ ਵੀ ਸਾਂਭੇ ਪਏ ਸਨ। ਉਸਨੇ ਆਖਰ ਆਪਣੇ ਮੁੰਡੇ ਨੂੰ ਥੈਲੀ ਫੜਾ ਕੇ ਜੌਹਰੀ ਚਾਚੇ ਕੋਲ ਭੇਜਿਆ ਕਿ ਇਹਨਾਂ ਦਾ ਮੁੱਲ ਲੈ ਆਵੇ ਤਾਂ ਕਿ ਵਿਧਵਾ ਘਰ ਚਲਾ ਸਕੇ। ਮੁੰਡਾ ਥੈਲੀ ਲੈ ਕੇ ਚਾਚੇ ਦੀ ਦੁਕਾਨ ਤੇ ਚਲਾ ਗਿਆ ਤੇ ਚਾਚੇ ਨੂੰ ਮਾਂ ਦਾ ਸੁਨੇਹਾ ਦੇ ਦਿਤਾ। ਚਾਚੇ ਨੇ ਥੈਲੀ ਖੋਲ ਕੇ ਹੀਰੇ ਜਵਾਹਰਾਤ ਹੱਥ ਵਿਚ ਲੈ ਕੇ ਵੇਖੇ ਤੇ ਮੁੜ ਥੈਲੀ ਵਿਚ ਪਾ ਦਿਤੇ। ਉਸਨੇ ਕੁਝ ਚਿਰ ਸੋਚ ਕੇ ਥੈਲੀ ਆਪਣੇ ਭਤੀਜੇ ਨੂੰ ਮੁੜ ਫੜਾ ਦਿਤੀ ਤੇ ਕਿਹਾ ਕਿ ਮੈਂ ਤੇਰੇ ਨਾਲ ਚਲਦਾਂ। ਉਹ ਦੋਵੇਂ ਵਿਧਵਾ ਕੋਲ ਆ ਗਏ ਤੇ ਚਾਚਾ ਭਰਜਾਈ ਨੂੰ ਕਹਿਣ ਲੱਗਾ ਕਿ ਉਹ ਇਸ ਥੈਲੀ ਵਾਲੀ ਪੂੰਜੀ ਨੂੰ ਸਾਂਭ ਕੇ ਰੱਖੇ ਤੇ ਮੁੰਡਾ ਉਸ ਕੋਲ ਕੰਮ ਤੇ ਲਾ ਦੇਵੇ। ਉਹ ਨਾਲੇ ਤਾਂ ਮੁੰਡੇ ਨੂੰ ਜੌਹਰੀ ਦਾ ਕੰਮ ਸਿਖਾ ਦੇਵੇਗਾ ਤੇ ਨਾਲੇ ਤਨਖਾਹ ਨਾਲ ਘਰ ਦਾ ਗੁਜਾਰਾ ਹੋਈ ਜਾਵੇਗਾ। ਜਦੋਂ ਮੁੰਡਾ ਕੰਮ ਸਿਖ ਗਿਆ ਤਾਂ ਉਹ ਆਪੇ ਫੈਸਲਾ ਲੈ ਲਵੇਗਾ ਕਿ ਇਸ ਥੈਲੀ ਵਿਚਲੀ ਪੂੰਜੀ ਦਾ ਉਹ ਕੀ ਕਰਨਾ ਚਾਹੁੰਦਾ ਹੈ। ਵਿਧਵਾ ਨੂੰ ਵੀ ਇਹ ਸੁਝਾਅ ਚੰਗਾ ਲੱਗਾ। ਅੱਠ-ਦੱਸ ਸਾਲਾਂ ਬਾਦ ਇਕ ਦਿਨ ਚਾਚੇ ਨੇ ਜਵਾਨ ਹੋਏ ਭਤੀਜੇ ਨੂੰ ਕਿਹਾ ਕਿ ਹੁਣ ਉਹ ਸਾਰਾ ਹੁਨਰ ਸਿਖ ਚੁੱਕਾ ਹੈ ਅਤੇ ਆਪਣੀ ਦੁਕਾਨ ਪਾਉਣ ਦੇ ਕਾਬਲ ਹੈ। ਭਤੀਜੇ ਨੇ ਇਹ ਸੁਣ ਕੇ ਧੰਨਵਾਦ ਵਜੋਂ ਚਾਚੇ ਦੇ ਪੈਰੀਂ ਹੱਥ ਲਾਏ ਤੇ ਘਰ ਜਾ ਕੇ ਮਾਂ ਨੂੰ ਕਿਹਾ ਕਿ ਆਪਣੀ ਦੁਕਾਨ ਖੋਲਣ ਲਈ ਉਸਨੂੰ ਜਵਾਹਰਾਤ ਦੀ ਥੈਲੀ ਚਾਹੀਦੀ ਹੈ। ਮਾਂ ਨੇ ਉਹ ਥੈਲੀ ਕੱਢ ਕੇ ਦੇ ਦਿਤੀ। ਵਿਧਵਾ ਦੇ ਮੁੰਡੇ ਨੇ ਇਕ ਇਕ ਕਰਕੇ ਹੀਰੇ ਜਵਾਹਰਾਤ ਦਾ ਨਿਰੀਖਣ ਅਰੰਭ ਕੀਤਾ ਤੇ ਅਖੀਰ ਵਿਚ ਸੱਭ ਕੁਝ ਚੱਕ ਕੇ ਇਕ ਪਾਸੇ ਸੁੱਟ ਦਿਤਾ। ਮਾਂ ਨੂੰ ਬੜੀ ਹੈਰਾਨੀ ਹੋਈ ਕਿ ਇੰਨੀ ਕੀਮਤੀ ਚੀਜ ਨੂੰ ਕੂੜੇ ਵਾਂਗ ਕਿਉਂ ਸੁੱਟ ਦਿਤਾ। ਪੁਛਣ ਤੇ ਮੁੰਡੇ ਨੇ ਜਵਾਬ ਦਿਤਾ ਕਿ ਥੈਲੀ ਵਿਚਲੇ ਜਵਾਹਰਾਤ ਦੀ ਕੀਮਤ ਕੱਚ ਤੋਂ ਜਿਆਦਾ ਨਹੀਂ ਕਿਉਂਕਿ ਇਹ ਅਸਲੀ ਹੀਰੇ ਨਹੀਂ ਹਨ। ਮਾਂ ਸੁਣ ਕੇ ਹੈਰਾਨ ਰਹਿ ਗਈ। ਜਦੋਂ ਮਾਂ ਨੇ ਆਪਣੇ ਪੁੱਤਰ ਵੱਲ ਵੇਖਿਆ ਤੇ ਪੁੱਤਰ ਨੇ ਮਾਂ ਵੱਲ ਤਾਂ ਇਕੋ ਸਮੇਂ ਦੋਹਾਂ ਨੂੰ ਚਾਚੇ ਵਲੋਂ ਕੀਤੇ ਪਰਉਪਕਾਰ ਦਾ ਅਹਿਸਾਸ ਹੋਇਆ। ਮੁੰਡਾ ਤੇ ਮਾਂ ਸਮਝ ਗਏ ਕਿ ਚਾਚੇ ਨੇ ਬੜੇ ਸੁਹਣੇ ਤਰੀਕੇ ਨਾਲ ਨਾ ਸਿਰਫ ਆਪਣੇ ਮਰਹੂਮ ਭਰਾ ਦੀ ਇੱਜਤ ਉਸਦੇ ਪਰਿਵਾਰ ਦੀਆਂ ਅੱਖਾਂ ਵਿਚ ਖਤਮ ਨਹੀਂ ਹੋਣ ਦਿਤੀ ਬਲਕਿ ਮਾਂ-ਪੁੱਤ ਦੀ ਅਣਖ ਵੀ ਬੜੇ ਵਧੀਆ ਤਰੀਕੇ ਨਾਲ ਕਾਇਮ ਰੱਖ ਕੇ ਪਰਿਵਾਰ ਨੂੰ ਮੁੜ ਪੈਰਾਂ ਤੇ ਕਰ ਦਿਤਾ।”

9. ਇਹ ਕਹਾਣੀ ਸੁਣਾ ਕੇ ਧੂੰਦਾ ਜੀ ਨੇ ਕਿਹਾ ਕਿ ਕਾਲਜ ਦਾ ਅਤੇ ਉਹਨਾਂ ਦਾ ਟੀਚਾ ਇਹ ਹੈ ਕਿ ਹਰ ਸਿਖ ਜੌਹਰੀ ਬਣੇ ਅਤੇ ਆਪ ਗੁਰਮਤਿ ਦੇ ਅਸਲ ਹੀਰੇ ਅਤੇ ਮਨਮੱਤ ਦੇ ਕੱਚ ਵਿਚ ਫਰਕ ਕਰ ਸਕੇ। ਉਹਨਾਂ ਦੇ ਹੀਲਿਆਂ ਦਾ ਅਸਰ ਪੰਜਾਬ ਦੇ ਪਿੰਡਾਂ ਅਤੇ ਬਾਹਰਲੇ ਮੁਲਕਾਂ ਵਿਚ ਵੱਧ ਰਹੀ ਗੁਰਮਤਿ ਦੀ ਸੋਝੀ ਵਿਚ ਵੇਖਿਆ ਜਾ ਸਕਦਾ ਹੈ।

10. ਜਦੋਂ ਉਹਨਾਂ ਨੂੰ ਇਕ ਵੀਰ ਨੇ ਇਹ ਸਵਾਲ ਕੀਤਾ ਕਿ ਜਿਹੜੇ ਇਹ ਕਹਿ ਰਹੇ ਹਨ ਕਿ ਧੂੰਦਾ ਜੀ ਹੋਰੀਂ “ਉਥੇ ਹੀ ਖੜੇ ਹਨ ਜਦਕਿ ਕਹਿਣ ਵਾਲੇ ਬਹੁਤ ਅਗਾਂਹ ਲੰਘ ਗਏ ਹਨ” ਤਾਂ ਧੂੰਦਾ ਜੀ ਨੇ ਬੜੀ ਨਿਮਰਤਾ ਨਾਲ ਜਵਾਬ ਦਿਤਾ ਕਿ “ਵੀਰ ਜੀ ਤੁਸੀਂ ਆਪਣੇ ਪਹਿਲੀ ਦੇ ਅਧਿਆਪਕ ਨੂੰ ਕਦੇ ਇਹ ਕਿਹਾ ਕਿ “ਤੁਸੀਂ ਅਜੇ ਵੀ ‘a b c’ ਪੜ੍ਹਾਈ ਜਾਂਦੇ ਜੇ ਮੈਂ ਵੇਖ ਲਓ ਕਹਾਣੀਆਂ ਵੀ ਲਿਖਣ ਲੱਗ ਪਿਆਂ? ਜਾਂ ਗਿਆਰਵੀਂ ਦੇ ਅਧਿਆਪਕ ਨੂੰ ਇਹ ਕਿਹਾ ਹੋਵੇ ਕਿ ਤੁਸੀਂ ਅਜੇ ਵੀ ਪਿੰਡ ਵਿਚ ਹੀ ਬੈਠੇ ਹੋ ਮੈਂ ਬਾਹਰਲੇ ਮੁਲਕਾਂ ਵਿਚ ਆ ਗਿਆਂ? ਜਾਂ ਕਾਲਜ ਦੇ ਅਧਿਆਪਕ ਨੂੰ ਇਹ ਕਿਹਾ ਹੋਵੇ ਕਿ ਤੁਸੀਂ ਅਜੇ ਵੀ ਕਾਲਜ ਵਿਚ ਹੀ ਪੜ੍ਹਾ ਰਹੇ ਹੋ ਮੈਂ ਅਫਸਰ ਲੱਗ ਗਿਆਂ?” ਜਦੋਂ ਵੀਰ ਨੇ ਨਾਂਹ ਵਿਚ ਜਵਾਬ ਦਿਤਾ ਤਾਂ ਧੂੰਦਾ ਜੀ ਨੇ ਅਗਾਂਹ ਪੁਛਿਆ, “ਕਦੇ ਆਪਣੇ ਆਪ ਨੂੰ ਆਪਣੇ ਕਿਸੇ ਵੀ ਜਮਾਤ ਦੇ ਅਧਿਆਪਕ ਤੋਂ ਜਾਦਾ ਸਿਆਣਾ ਸਮਝਿਆ ਹੋਵੇ?” ਤਾਂ ਉਸ ਵੀਰ ਨੇ ਕਿਹਾ, “ਗਿਆਨੀ ਜੀ, ਸਿਆਣਾ ਮੰਨਣਾ ਤਾਂ ਕੀ ਮੈਂ ਕਦੇ ਐਸਾ ਸੋਚਿਆ ਵੀ ਨਹੀਂ। ਦੱਸਵੀਂ ਦੀ ਗੱਲ ਹੈ ਮੈਂ ਅਤੇ ਮੇਰੇ ਪਿਤਾ ਜੀ ਬਜਾਰ ਵਿਚੋਂ ਲੰਘ ਰਹੇ ਸੀ ਜਦੋਂ ਪਿਤਾ ਜੀ ਨੇ ਦੂਜੇ ਪਾਸੇ ਜਾਂਦੇ ਇਕ ਬਜੁਰਗ ਨੂੰ ਵੇਖ ਕੇ ਸੜਕ ਲੰਘ ਕੇ ਜਾ ਕੇ ਉਸ ਦੇ ਪੈਰੀਂ ਹੱਥ ਲਾਉਣ ਦੀ ਕੋਸ਼ਿਸ਼ ਕੀਤੀ। ਬਜੁਰਗ ਨੇ ਕੁੱਝ ਸਕਿੰਟ ਵਿਚ ਸੰਭਲ ਕੇ ਪਿਤਾ ਜੀ ਨੂੰ ਕਲਾਵੇ ਵਿਚ ਲੈ ਲਿਆ। ਜਦੋਂ ਤੱਕ ਮੈਂ ਉਹਨਾਂ ਕੋਲ ਪਹੁੰਚਿਆ ਤਾਂ ਪਿਤਾ ਜੀ ਉਹਨਾਂ ਨੂੰ ਕਹਿਣ ਲੱਗੇ, ‘ਇਹ ਮੇਰਾ ਮੁੰਡਾ ਹੈ। ਦੱਸਵੀਂ ਦੇ ਇਮਤਿਹਾਨ ਦੀ ਤਿਆਰੀ ਕਰ ਰਿਹਾ ਹੈ।’ ਨਾਲ ਹੀ ਮੈਨੂੰ ਕਹਿਣ ਲੱਗੇ, ‘ਇਹ ਮੇਰੇ ਅੱਠਵੀਂ ਜਮਾਤ ਦੇ ਸਾਇੰਸ ਦੇ ਅਧਿਆਪਕ ਹਨ। ਇਹਨਾਂ ਤੋਂ ਸਾਇੰਸ ਪੜ੍ਹਨ ਤੋਂ ਪਹਿਲਾਂ ਤੱਕ ਸਾਇੰਸ ਤੋਂ ਮੈਨੂੰ ਭੈਅ ਜਿਹਾ ਆਉਂਦਾ ਸੀ।’ ਤੇ ਮੇਰੇ ਪਿਤਾ ਜੀ ਚਾਰ ਕੁ ਸਾਲ ਨੂੰ ਲਾਇਲਪੁਰ ਖਾਲਸਾ ਕਾਲਜ ਤੋਂ physics ਦੇ ਪ੍ਰੋਫੈਸਰ ਵਜੋਂ ਰਿਟਾਇਰ ਹੋਣ ਵਾਲੇ ਹਨ!”

11. ਇਕ ਹੋਰ ਬੈਠਕ ਵਿਚ ਗੱਲ ਕਰਦਿਆਂ ਧੂੰਦਾ ਜੀ ਨੇ ਦੱਸਿਆ ਕਿ ਉਹਨਾਂ ਨੂੰ ਨਾ ਤਾ ਟਕਸਾਲੀਆਂ ਦੀਆਂ ਕੱਢੀਆਂ ਗਾਲ੍ਹਾਂ ਨਾਲ ਕੋਈ ਫਰਕ ਪੈਂਦਾ ਹੈ ਤੇ ਨਾ ਹੀ ਕਿਸੇ ਹੋਰ ਦੀਆਂ। ਉਹਨਾਂ ਦੀ ਜਵਾਬਦੇਹੀ ਕੇਵਲ ਗੁਰੂ ਨੂੰ ਅਤੇ ਗੁਰੂ-ਰੂਪ ਸੰਗਤ ਨੂੰ ਹੈ। ਇਸੇ ਕਰਕੇ ਉਹਨਾਂ ਸੰਗਤ ਵਿਚ ਬੈਠ ਕੇ ਕਿਸੇ ਸਵਾਲ ਦਾ ਜਵਾਬ ਦੇਣ ਤੋਂ ਕਦੇ ਨਾਂਹ ਨਹੀਂ ਕੀਤੀ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦਾ ਤਜਰਬਾ ਹੈ ਕਿ ਸਮਾਂ ਅਤੇ ਗਿਆਨ ਸੱਭ ਤੋਂ ਵੱਡਾ ਨਿਆਂਕਰਤਾ ਹੈ। ਜਿਉਂ ਜਿਉਂ ਸਮਾਂ ਪੈਂਦਾ ਜਾਂਦਾ ਹੈ ਅਤੇ ਗਿਆਨ ਵਿਚ ਵਾਧਾ ਹੁੰਦਾ ਜਾਂਦਾ ਹੈ ਹਰ ਬੰਦਾ ਦੁੱਧ ਨੂੰ ਪਾਣੀ ਨਾਲੋਂ ਵੱਖ ਕਰਨ ਦਾ ਹੁਨਰ ਸਿਖਦਾ ਜਾਂਦਾ ਹੈ ਜੇਕਰ ਉਹ ਗੁਰੂ ਨਾਲ ਵਫਾਦਾਰੀ ਨੂੰ ਮੁੱਢ ਬਣਾਵੇ। “ਬਾਕੀ ਜਿਹੜੇ ਬੰਦੇ ਮੇਰੇ ਬਾਰੇ ਮਾੜਾ-ਚੰਗਾ ਬੋਲ ਰਹੇ ਹਨ, ਉਹਨਾਂ ਦਾ ਟੀਚਾ ਗੁਰਮਤਿ ਪ੍ਰਚਾਰ ਤੋਂ ਭਟਕਾਉਣਾ ਵੀ ਹੋ ਸਕਦਾ ਹੈ। ਕਿਉਂਕਿ ਜੇ ਕਰ ਮੈਂ ਹਰ ਬੇਬੁਨਿਆਦ ਗੱਲ ਦਾ ਜਵਾਬ ਦੇਣ ਲੱਗ ਪਿਆ ਤਾਂ ਗੁਰਮਤਿ ਦੇ ਨੁਕਤੇ ਵਿਚਾਰਣ ਦੇ ਸਮੇਂ ਵਿਚੋਂ ਕੁੱਝ ਸਮਾਂ ਕੱਢ ਕੇ ਹੀ ਅਜਿਹਾ ਕਰ ਸਕਾਂਗਾ। ਤੁਹਾਡੇ ਵਿਚੋਂ ਕੋਈ ਚਾਹੁੰਦਾ ਹੈ ਕਿ ਮੈਂ ਅਜਿਹਾ ਕਰਾਂ?” ਜਦੋਂ ਸਾਰਿਆਂ ਨੇ ਨਾਂਹ ਵਿਚ ਸਿਰ ਹਿਲਾਇਆ ਤਾਂ ਉਹਨਾਂ ਕਿਹਾ, “ਕੌਮ ਨੂੰ ਲੱਗੀ ਹਰ ਤ੍ਹ੍ਰਾਂ ਦੀ ਬਿਮਾਰੀ ਦਾ ਇਲਾਜ ਗੁਰਮਤਿ ਦਾ ਗਿਆਨ ਹੀ ਹੈ। ਜਿਵੇਂ ਜਿਵੇਂ ਸਿਖ ਗੁਰਮਤਿ ਦੇ ਹੀਰੇ ਨੂੰ ਮਨਮਤਿ ਦੇ ਕੱਚ ਤੋਂ ਵੱਖਰਾ ਕਰਨ ਦਾ ਹੁਨਰ ਸਿਖਦਾ ਗਿਆ ਤਿਵੇਂ ਤਿਵੇਂ ਉਹਨੂੰ ਸੱਚ ਅਤੇ ਝੂਠ ਨੂੰ ਪਛਾਨਣਾ ਅਤੇ ਬਿਆਨ ਦੇਣ ਵਾਲੇ ਦੇ ਇਰਾਦੇ ਨੂੰ ਭਾਂਪਣਾ ਸੌਖਾ ਹੁੰਦਾ ਜਾਵੇਗਾ। ਇਹੀ ਝੂਠ ਬੋਲਣ ਵਾਲਿਆਂ ਦੇ ਮੂੰਹ ਤੇ ਕਰਾਰੀ ਚਪੇੜ ਹੈ”।

ਵਾਹਿਗੁਰੂ ਉਹਨਾਂ ਸਾਰੇ ਵੀਰਾਂ-ਭੈਣਾਂ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਜਿਹੜੇ ਆਪਣੇ ਨਿਜ ਨੂੰ ਪਾਸੇ ਰੱਖ ਕੇ ਕੌਮ ਲਈ ਕੁੱਝ ਕਰਨਾ ਲੋਚਦੇ ਹਨ ਅਤੇ ਸਵਾਰਥੀ-ਬਾਈਮਾਨ ਅੰਸਰਾਂ ਦੇ ਕੂੜ ਪ੍ਰਚਾਰ ਦਾ ਨਿਸਾਨਾ ਬਣਦੇ ਹਨ।

 

ਧੂੰਦਾ ਜੀ ਦੀ ਪ੍ਰਚਾਰ ਫੇਰੀ ਦੇ ਹੋਰ ਵੇਰਵੇ ਆਉਂਦੇ ਦਿਨਾਂ ਵਿਚ ਤੁਹਾਡੇ ਨਾਲ ਸਾਂਝੇ ਕਰਦੇ ਰਹਾਂਗੇ।

ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥

ਵਰਪਾਲ ਸਿੰਘ