ਗੁਰਦੇਵ ਸਿੰਘ ਸੱਧੇਵਾਲੀਆ
ਸਾਡੇ ਪਿੰਡ ਇੱਕ ਬੀਰ੍ਹਾ ਪੱਦੋਂ ਹੁੰਦਾ ਸੀ। ਉਸ ਦੀ ਸ਼ਰਾਬ ਬਾਹਲੀ ਮਾੜੀ ਸੀ ਉਹ ਕੀ ਕਰਦਾ ਸੀ ਕਿ ਜਦ ਘੁੱਟ ਅੰਦਰ ਗਈ ਹੋਣੀ ਉਨ ਕਿਸੇ ਨਾ ਕਿਸੇ ਜੱਟ ਦੇ ਬਾਰ ਮੂਹਰੇ ‘ਡੁਅਰਰਰਰਰਰਰਰਰਰ’ ਕਰ ਦੇਣੀ। ਪਿੰਡਾਂ ਵਿਚ ਜੱਟਵੈੜ ਅਪਣੇ ਬੂਹੇ ਅੱਗੇ ਚਾਂਗਰ ਕਾਹਨੂੰ ਮਾਰਨ ਦਿੰਦੀ ਸੀ। ਬੱਅਸ ਫਿਰ ਬੀਰ੍ਹਾ ਪੱਦੋਂ ਹੇਠਾਂ ਤੇ ਡਾਂਗ ਉੱਤੇ!
ਅਗਲੇ ਦਿਨ ਉਨ ਸੱਥ ਵਿਚ ਚਾਦਰ ਚੁੱਕ ਚੁੱਕ ਅਪਣੇ ਲਾਲ ਕੀਤੇ ਪੁੜੇ ਵਿਖਾਉਂਦੇ ਫਿਰਨਾ ਕਿ ਆਹ ਦੇਖੋ ਕਮਲੀ ਜੱਟਵੈੜ ਦੇ ਕਾਰੇ! ਮੈਂ ਤਾਂ ਕਿਹਾ ਹੀ ਕੁਝ ਨਾ ਸੀ ਕਿਸੇ ਨੂੰ। ਮੇਰੀ ਪੱਗ ਦਾ ਬੀ ਲਿਹਾਜ ਨੀ ਕੀਤਾ। ਮੇਰੇ ਕੇਸ ਵੀ ਖੋਹ ਸੁੱਟੇ। ਰੱਬ ਕਰੇ ਮਰ ਜਾਏ ਸਾਰੀ ਕਤੀੜ!
ਭਾਈ ਪੰਥਪ੍ਰੀਤ ਸਿੰਘ ਆਏ ਤੋਂ ਇਟਲੀ ਵਾਲੀ ਲੜਾਈ ਵੇਲੇ ਅੰਦਰੋਂ ਛਿੱਤਰ-ਪੌਲਾ ਖਾ ਕੇ ਆਏ ‘ਸਿੰਘ ਜੀ’ ਹੁਰੀਂ ਬਾਹਰ ਆ ਕੇ ਬੀਰ੍ਹੇ ਪੱਦੋਂ ਵਾਂਗ ਕਰਦੇ ਜਾਪਦੇ ਸਨ ਕਿ ਆਹ ਦੇਖੋ ਸਾਡੀਆਂ ਦਸਤਾਰਾਂ ਵੀ ਲੁਹਾ ਦਿੱਤੀਆਂ, ਸਾਡੀਆਂ ਕ੍ਰਿਪਾਨਾ ਵੀ, ਪੰਥ ਪਾੜ ਤਾ, ਕੌਮ ਪਾੜ ਤੀ ਏਸ ‘ਬਾਹਮਣ ਨੇ!
ਬੰਦਾ ਪੁੱਛੇ ਕਿ ਭਾਈ ਤੁਸੀਂ ਕਿਸੇ ਦੇ ਬਾਰ ਮੂਹਰੇ ਚਾਗਰਾਂ ਕਿਉਂ ਮਾਰਨ ਗਏ? ਜਿਹੜਾ ਤਾਂ ਸੋ ਕਾਲਡ ਬਾਹਮਣ ਕਹਿਕੇ ਸੜਿਆਂਦ ਛੱਡੀ ਜਾ ਰਹੀ ਉਹ ਤਾਂ ਕਹਿ ਰਿਹਾ ਕਿ ਅਸੀਂ ਹੰਨੂਮਾਨ ਦਾ ਕਛਹਿਰਾ ਕਿਉਂ ਪਾਈਏ, ਪਰ ਅਪਣੇ ਵਾਲੇ ਸੋ ਕਾਲਡ ਬ੍ਰਹਮਿਗਆਨੀ ਕਹਿੰਦੇ ਕਛਹਿਰਾ ਹੋਣਾ ਹੀ ਨਹੀਂ ਸੀ ਜੇ ਹੰਨੂਮਾਨ ਜੀ ਨਾ ਦਿੰਦੇ!
ਅਸੀਂ ਕੁੱਲ ਦੁਨੀਆਂ ਵਿਚ ਕੌਮ ਦਾ ਜਲੂਸ ਕੱਢਣ ਦਾ ਠੇਕਾ ਕਿਉਂ ਲੈ ਰੱਖਿਆ ਆਹਾ ਟਕਸਾਲ ਵਾਲਿਆਂ ਨੂੰ ਹੀ ਪੰਥ ਖਤਰੇ ਵਿਚ ਕਿਉਂ ਜਾਪ ਰਿਹਾ ਕਿ ਹਰੇਕ ਥਾਂ ਅਪਣੀਆਂ ਜਾਂ ਦੂਜਿਆਂ ਦੀਆਂ ਪੱਗਾਂ ਲਾਹੁਣ ਜਾਂ ਲੁਹਾਉਂਣ ਤੁਰ ਪੈਂਦੇ ਹਨ। ਹਾਲੇ ਕੱਲ ਦੀ ਗੱਲ ਕਿ ਧੁੰਮਾ ਪਾਰਟੀ ਨੇ ਸ਼ਰੇਆਮ ਭਾਈ ਰਣਜੀਤ ਸਿੰਘ ਦਾ ਬੰਦਾ ਫੜੁੰਗ ਸੁੱਟਿਆ ਤੇ ਹੈਰਾਨੀ ਦੀ ਗੱਲ ਕਿ ਕਿਸੇ ਵੀ ਹਕੂਮਤ ਨੇ ਉਸ ਨੂੰ ਹੱਥ ਨਹੀਂ ਪਾਇਆ! ਕਿਉਂ?
ਜਦ ਇਹ ਭਾਈ ਪੁਲਿਸ ਦੀ ਕ੍ਰਿਪਾਨਾਂ ਲਾਹੁਣ ਵੇਲੇ ਦੀ ਵੀਡੀਓ ਬਣਾ ਕੇ ਰਾਮ ਦੁਹਾਈ ਪਾ ਰਹੇ ਸਨ ਤੇ ਲੁੱਟੇ ਗਏ, ਮਾਰੇ ਗਏ, ਸਿੱਖੀ ਨੂੰ ਖਤਰਾ!
ਤਾਂ ਮੇਰੇ ਨਾਨਕੇ ਵੰਨੀ ਦੇ ਜੈਬੇ ਗੜੇ ਦੀ ਯਾਦ ਦਿਵਾ ਰਹੇ ਸਨ। ਝੂਠ ਵਿਚ ਇਨਾ ਮਾਹਰ ਬੰਦਾ! ਖੜਾ ਖੜਾ ਹੀ ਬਾਗ ਲਾ ਦਿੰਦਾ ਸੀ ਤੇ ਲਾਉਂਦੇ ਸਾਰ ਹੀ ਅਮਰੂਦ, ਸੇਬ, ਅੰਗੂਰ ਵੀ ਟੁੱਟਣ ਲਾ ਦਿੰਦਾ ਸੀ। ਉਸ ਦੇ ਦੋ ਨਾਮ ਸਨ। ਜੈਬਾ ਗੜਾ ਤੇ ਜੈਬਾ ਬਾਗਾਂ ਵਾਲਾ!
ਕਹਿੰਦੇ ਕੇਰਾਂ ਉਹ ਤਰਨ-ਤਾਰਨ ਮੱਸਿਆ ਨਾਹੁਣ ਗਿਆ। ਉਥੇ ਇੱਕ ਚੰਗਾ ਸਰਜਾ ਪੁੱਜਦਾ ਬੰਦਾ ਉਸ ਜੋਹਿਆ ਤੇ ਉਸ ਨਾਲ ਗੱਲੀਂ ਲੱਗ ਗਿਆ। ਕਹਿੰਦਾ ਬਈ ਮੇਰੇ ਤਾਂ ਪਿੰਡ ਵਿਚ ਬਾਗ ਬੜੇ ਨੇ। ਕਦੇ ਆਈਂ ਪਿੰਡ ਮਾਅਰ ਲਹਿਰਾਂ-ਬਹਿਰਾਂ। ਬੜੀ ਦਇਆ ਹੈ ਮਾਲਕ ਦੀ। ਸਾਂਭਿਆ ਨੀ ਜਾਂਦਾ ਇਨਾ ਰਿਜਕ ਹੈ। ਪਰ ਮਾੜੀ ਕਿਸਮਤ ਨੂੰ ਪਿੰਡ ਅਪਣਾ ਸਹੀ ਦੱਸ ਆਇਆ ਤੇ ਸਾਰਾ ਦਿਨ ਉਸ ਕੋਲੋਂ ਚਾਹ ਸਮੋਸੇ ਛੱਕਦਾ ਰਿਹਾ।
ਉਹ ਬੰਦਾ ਵੀ ਫਿਰਨ ਤੁਰਨ ਵਾਲਾ ਸੀ ਉਸ ਸੋਚਿਆ ਬਾਗਾਂ ਬਾਰੇ ਜਾਣਕਾਰੀ ਕਿਉਂ ਨਾ ਲਈ ਜਾਵੇ ਜੈਬ ਸਿਉਂ ਕੋਲੋਂ। ਉਹ ਪਿੰਡ ਆਣ ਵੜਿਆ ਤੇ ਪੁੱਛਦਾ ਫਿਰੇ ਕਿ ਭਾਈ ਜੈਬ ਸਿਉਂ ਬਾਗਾਂ ਵਾਲੇ ਦੇ ਜਾਣਾ। ਹੁਣ ਕੋਈ ਬਾਗਾਂ ਵਾਲਾ ਹੋਵੇ ਤਾਂ ਦੱਸੇ! ਪਰ ਗੱਲ ਇੱਕ ਬੰਦੇ ਦੇ ਸਮਝ ਪਈ ਕਹਿੰਦਾ ਤੈਨੂੰ ਇਥੇ ਕਿਤੇ ਬਾਗ ਦੀਹਦੇ? ਤੇ ਕਿਹੜਾ ਬਾਗਾਂ ਵਾਲਾ? ਜਿਸ ਦੀ ਤੂੰ ਭਾਈ ਗੱਲ ਕਰਦਾਂ ਉਹ ਰੋਜ ਬਾਗ ਲਾਉਂਦਾ ਤੇ ਪੁੱਟਦਾ! ਪਰ ਜੈਬ ਸਿਉਂ ਬਾਗਾਂ ਵਾਲਾ ਨਹੀਂ ਜੈਬਾ ਗੜਾ ਹੈ ਤੇ ਔਹ ਸਾਹਵੇਂ ਛੱਪੜ ਕੰਡੇ ਉਸ ਦਾ ਘਰ ਹੈ ਦੇਖ ਲਾ ਜਾ ਕੇ ਬਾਗ!
ਪੰਡੀਆਂ ਕਹਿੰਦਾ ਇੱਕ ਝੂਠ ਨੂੰ ੧੦੦ ਵਾਰੀ ਬੋਲੋ ਉਹ ਸੱਚ ਹੋ ਜਾਂਦਾ। ਪਰ ਇਹ ਤਾਂ ਗਿਣਤੀ ਤੋਂ ਬਾਹਰੇ ਨੇ। ਆਪੇ ਲੋਕਾਂ ਦੀਆਂ ਪੱਗਾਂ ਲਾਹੁਣ ਜਾਂਦੇ ਆਪੇ ਬਾਹਰ ਆ ਕੇ ਰੌਲਾ ਪਾ ਦਿੰਦੇ। ਤੇ ਫਿਰ ਇਨਾ ਪਾਉਂਦੇ, ਇਨਾ ਪਾਉਂਦੇ ਕਿ ਝੂਠ ਵੀ ਸੱਚ ਜਾਪਣ ਲੱਗ ਜਾਂਦਾ!
ਕ੍ਰਿਪਾਨਾਂ ਲੁਹਾ ਦਿੱਤੀਆਂ ਸਾਡੀਆਂ ਉਏ, ਇਸੇ ਕਰਕੇ ਆਉਂਦੇ ਨੇ ਇਹ, ਆਰ.ਆਰ.ਐਸ ਦੇ ਭੇਜੇ ਨੇ ਓਏ ਲੋਕਾ, ਸੰਗਤਾਂ ਪਾੜ ਦਿੱਤੀਆਂ, ਬੇਅਦਬੀ ਕਰਵਾਈ ਕਕਾਰਾਂ ਦੀ ਇਨ੍ਹਾਂ, ਸਰੋਵਰਾਂ ਨੂੰ ਪਾਣੀ ਕਹੀ ਜਾਂਦੇ, ਬਾਣੀਆਂ ਦੀ ਨਿੰਦਾ ਕਰਦੇ, ਨਾਸਤਿਕ, ਨਿੰਦਕ, ਫੜੋ, ਮਾਰੋ, ਜਾਣ ਨਾ ਦਿਓ?? ਉਹ ਵੀ ਇਵੇਂ ਕਰਦਾ ਸੀ। ਇੰਨ ਬਿੰਨ! ਬੋਧੀਆਂ ਨੂੰ ਨਾਸਤਿਕ ਕਹਿ ਕਹਿ ਵੱਢਿਆ ਉਸ। ਪੰਜਾਬ ਨੂੰ ਅੱਤਿਵਾਦੀ ਕਹਿ ਕਹਿ! ਦੇਸ਼ ਦੇ ਦੁਸ਼ਮਣ, ਖਾਲਿਸਤਾਨੀ, ਬਾਗੀ! ਤੇ ਇਹ? ਉਸ ਦੇ ਭਰਾ?
ਤੇ ਘੇਰਾ ਦੇਖੋ ਕਿਥੇ ਪਾਇਆ? ਰੋਮ ਦੇ ਹਾਈਵੇਅ ਨੂੰ ਬਾਦਲਾਂ ਦਾ ਪੰਜਾਬ ਬਣਾ ਧਰਿਆ! ਤੁਸੀਂ ਅਸੀਂ ਕਹਿੰਨੇ ਲੈ ਪੰਡੀਆਂ ਇਉਂ ਕਿਵੇਂ ਜੁਬਾਨਾ ਵੱਢ ਦਿੰਦਾ ਸੀ ਲੋਕਾਂ ਦੀਆਂ? ਆਹ ਦੇਖ ਲਓ ਜੇ ਇਕਵੀਂ ਸਦੀ ਵਿਚ ਸਬੂਤੇ ਬੰਦੇ ਹੀ ਵੱਢ ਸਕਦਾ, ਵੱਗਦੇ ਹਾਈਵੇਅ ‘ਤੇ ਘੇਰ ਕੇ ਇੱਟੇ ਰੋੜੇ ਚਲਾ ਸਕਦਾ, ਸ਼ਬੀਲਾਂ ਲਾ ਕੇ ਸ਼ਰੇਆਮ ਬੰਦੇ ਮਾਰ ਸਕਦਾ ਤਾਂ ਜੰਗਲੀ ਜੁੱਗ ਵੇਲੇ ਜੁਬਾਨਾ ਕਿਉਂ ਨਹੀਂ ਵੱਢ ਸਕਦਾ?
ਵਿਚਾਰਾਂ ਦੀ ਜੰਗ ਵਿਚਾਰਾਂ ਨਾਲ ਲੜਨੀ ਚਾਹੀਦੀ। ਹਥਿਆਰ ਤਾਂ ਦੁਸ਼ਮਣ ਵਾਸਤੇ ਹੁੰਦੇ ਤੇ ਦੁਸ਼ਮਣ ਯਾਣੀ ਬਾਦਲਾਂ ਦੀ ਤਾਂ ਹਾਲੇ ਕੱਲ ਅਸੀਂ ਜਿੰਦਾਬਾਦ ਕਰ ਹਟੇ ਹਾਂ! ਸੰਤ ਸਮਾਜੀਆਂ, ਭੰਗੜਾਂ ਤੇ ਟਕਸਾਲੀਆਂ ਦੀ ਸਾਰੀ ਬਾਂਦਰ ਸੈਨਾ ਉਸ ਮਗਰ ਵਾਹੋ ਦਾਹੀ ਹੋਈ ਪਈ ਸੀ। ਦਿੱਲੀ ਤੱਕ ਜਾ ਕੇ ਉਸ ਦਾ ਗੜਵਾ ਚੁੱਕੀ ਫਿਰਦੀ ਸੀ। ਪੂਰਾ ਪੰਜਾਬ ਖਾ ਗਏ, ਸਿਵਿਆਂ ਵੰਨੀ ਤੋਰ ਤਾ ਪੰਜਾਬ ਮਜੀਠਿਆਂ ਤੇ ਬਾਦਲਾਂ ਰਲਕੇ ਉਨ੍ਹਾਂ ਦੇ ਲੱਡੂ ਵੰਡਦਾ ਫਿਰਦਾ ਸੀ ਧੁੰਮਾ। ਉਲਟਾ ਸਿਰ ਵੇਖੋ। ਜਿਥੇ ਹਥਿਆਰਾਂ ਦੀ ਲੋੜ ਉਥੇ ਮਗਰ ਮਗਰ ਤੁਰੇ ਫਿਰਦੇ ਵਿਚਾਰ ਯਾਣੀ ਗੱਲ ਕਰਨ ਲਈ, ਤੇ ਜਿਥੇ ਵਿਚਾਰ ਦੀ ਲੋੜ ਉਥੇ ਟੱਕੂਏ-ਗੰਡਾਸੇ ਕੱਢੀ ਫਿਰਦੇ !
ਧੰਨਵਾਦ ਸਹਿਤ
http://khalsanews.org/articles/GS%20Sadhewalia/2017/05%20May%2017/12%20May%2017%20Dhoote,%20Panthpreet%20Singh,%20Beera%20Padon%20-%20GS%20Sadhewalia.htm