ਪੰਜਾਬ ਅਤੇ ਡੇਨਮਾਰਕ ਦੇ ਜੱਟ
1. ਪਹਿਲਾ ਮਸਲਾ ਜਿਹੜਾ ਪੰਜਾਬ ਦੇ ਜਿੰਮੀਦਾਰੇ ਨੂੰ ਨਿਵਾਣ ਵੱਲ ਲਿਜਾ ਰਿਹਾ ਹੈ ਉਹ ਹੈ ਝੋਨੇ ਅਤੇ ਕਣਕ ਦੀ ਖੇਤੀ ਦਾ ਚੱਕਰ। ਇਸਦੇ ਨਾਂਹ-ਪੱਖੀ ਅਸਰ ਨੂੰ ਸਮਝਣ ਲਈ ਇਹ ਨੁਕਤਾ ਵਿਚਾਰੋ – ਪੰਜਾਬ ਦੀ ਖੇਤੀ-ਅਧੀਨ ਜਮੀਨ ਦਾ 75% ਹਿੱਸਾ ਝੋਨੇ ਅਤੇ ਕਣਕ ਹੇਠ ਹੈ। ਇਸ ਤੋਂ ਵੀ ਵੱਧ ਖਤਰਨਾਕ ਆਂਕੜਾ ਇਹ ਹੈ ਕਿ ਖੇਤੀ ਵਿਚੋਂ ਹੋਣ ਵਾਲੀ ਕੁੱਲ ਆਮਦਨ ਦਾ 85% ਝੋਨੇ ਅਤੇ ਕਣਕ ਵਿਚੋਂ ਆ ਰਿਹਾ ਹੈ !
2. ਇਸ ਨੁਕਤੇ ਤੋਂ ਇਹ ਗੱਲ ਤਾਂ ਸਮਝ ਆਉਂਦੀ ਹੈ ਕਿ ਪੰਜਾਬ ਦਾ ਜੱਟ ਝੋਨੇ-ਕਣਕ ਦੇ ਚੱਕਰ ਵਿਚ ਕਿਉਂ ਅਤੇ ਕਿਵੇਂ ਫੱਸ ਗਿਆ ਹੈ। ਜਿਹੜੀ ਗੱਲ ਸਮਝਣ ਦੀ ਲੋੜ ਹੈ ਉਹ ਇਹ ਹੈ ਕਿ ਝੋਨੇ-ਕਣਕ ਦੇ ਫਸਲੀ ਚੱਕਰ ਦੇ ਕਿਰਸਾਣੀ ਉਤੇ ਮਾੜੇ ਅਸਰ 1986 ਦੀ ਸਰਦਾਰਾ ਸਿੰਘ ਜੌਹਲ ਵਲੋਂ ਦਿਤੀ ਰਿਪੋਰਟ ਵਿਚ ਹੀ ਸਾਫ ਸਨ – ਫਿਰ 30 ਸਾਲ ਤੋਂ ਵੱਧ ਸਮਾਂ ਲੰਘ ਜਾਣ ਤੇ ਵੀ ਇਸ ਫਸਲੀ ਚੱਕਰ ਦੀ ਗਰਿਫਤ ਕਮਜੋਰ ਕਿਉਂ ਨਹੀਂ ਹੋਈ?
3. ਇਸ ਦਾ ਇਕ ਕਾਰਣ ਜਿੰਮੀਦਾਰ ਦੀ ਕਮਜੋਰ ਮਾਲੀ ਹਾਲਤ ਹੈ ਜਿਹੜੀ ਉਸਨੂੰ ਛੋਟਾ ਜਿਹਾ ਜੋਖਮ ਚੱਕਣ ਤੋਂ ਵੀ ਡਰਾ ਦਿੰਦੀ ਹੈ। ਕਣਕ-ਝੋਨੇ ਦੀ ਆਮਦਨ ਦਾ ਅੰਦਾਜਾ ਸੌਖਾ ਲੱਗ ਜਾਂਦਾ ਹੈ ਜਦਕਿ ਹੋਰਨਾਂ ਫਸਲਾਂ ਦੀ ਆਮਦਨ ਅਕਸਰ ਹੀ ਅੰਦਾਜੇ ਨਾਲੋਂ ਘੱਟ ਜਾਂਦੀ ਹੈ – ਇਹ ਖਾਸ ਕਰਕੇ ਸਬਜੀਆਂ ਦੀ ਖੇਤੀ ਤੇ ਲਾਗੂ ਹੁੰਦੀ ਹੈ, ਜਿਸ ਵਿਚ ਜੇਕਰ ਮੰਗ ਤੋਂ ਵੱਧ ਸਬਜੀ ਬਜਾਰ ਵਿਚ ਆ ਜਾਵੇ ਤਾਂ ਭਾਅ ਡਿਗ ਜਾਂਦਾ ਹੈ ਤੇ ਕਈ ਵਾਰੀ ਤਾਂ ਕਿਰਸਾਣ ਦੀ ਲਾਗਤ ਵੀ ਪੂਰੀ ਨਹੀਂ ਹੁੰਦੀ।
4. ਜੇਕਰ ਕੌਮੀ ਪੱਧਰ ਤੇ ਜਾਂ ਸਿਆਸੀ ਪੱਧਰ ਤੇ ਰਾਹਨੁਮਾਈ ਕਰਨ ਵਾਲਾ ਕੋਈ ਹੋਵੇ ਤਾਂ ਇਸ ਹਾਲਤ ਵਿਚੋਂ ਨਿਕਲਿਆ ਜਾ ਸਕਦਾ ਹੈ। ਇਸ ਦੇ ਰਾਹ ਵਿਚ ਸੱਭ ਤੋਂ ਵੱਡੀ ਅੜਚਣ ਹੈ ਜੱਟ ਦਾ ਜਾਤ-ਪਾਤ ਦੇ ਕਾਲੇ ਖੂਹ ਵਿਚ ਧੱਕਿਆ ਜਾਣਾ। ਆਪਣੇ ਆਲੇ-ਦੁਆਲੇ ਝਾਤ ਮਾਰ ਕੇ ਵੇਖੋ – ਜਿਹੜਾ ਬੰਦਾ ਜਿੰਨਾ ਜਿਆਦਾ ਬੇਈਮਾਨ ਹੈ ਉਹ ਉਨਾਂ ਹੀ ਜਿਆਦਾ ਜਾਤ-ਦਾ-ਹੰਕਾਰੀ ਹੈ। ਜੇਕਰ ਸਿਰਫ ਜੱਟਾਂ ਦੀ ਗੱਲ ਕਰੀਏ ਤਾਂ ਜਿੰਨਾ ਕੋਈ ਜੱਟ ਆਪਣੀ ਜਿੰਦਗੀ ਵਿਚ ਤਰੱਕੀ ਕਰਦਾ ਜਾਂਦਾ ਹੈ ਉਨਾਂ ਹੀ ਉਹ ਜਾਤ-ਹੰਕਾਰ ਤੋਂ ਦੂਰ ਹੋਈ ਜਾਂਦਾ ਹੈ – ਸਰਤ ਇਹ ਹੈ ਕਿ ਤਰੱਕੀ ਇਮਾਨਦਾਰੀ ਨਾਲ ਹੋਈ ਹੋਵੇ। (ਗੁਰਮਤਿ ਦੀ ਵੱਧਦੀ ਸੋਝੀ ਅਤੇ ਉਸ ਤੇ ਚੱਲ ਕੇ ਹਾਸਲ ਹੋਣ ਵਾਲੇ ਸੰਤੋਖ ਨੂੰ ਜੇਕਰ ਅਸੀਂ ਇਕ ਸਿਖ ਲਈ ਸੱਭ ਤੋਂ ਵਧੀਆ ਤਰੱਕੀ ਕਹੀਏ ਤਾਂ ਅੱਤਕਥਨੀ ਨਹੀਂ । ਇਹ ਕਹਿਣ ਦੀ ਵੀ ਲੋੜ ਨਹੀਂ ਕਿ ਗੁਰਮਤਿ ਦਾ ਗਿਆਤਾ ਵੈਸੇ ਹੀ ਜਾਤ-ਹੰਕਾਰ ਤੋਂ ਦੂਰ ਹੋਈ ਜਾਂਦਾ ਹੈ।)
5. ਇਸ ਲਈ ਡੇਨਮਾਰਕ ਦੇ ਕਿਰਸਾਣ ਦਾ ਇਤਹਾਸ ਬਹੁਤ ਸਿਖਿਆਦਾਇਕ ਹੈ। 1870 ਤੱਕ ਯੂਰਪ ਦਾ ਹਰ ਕਿਰਸਾਣ ਦੋ ਗੱਲਾਂ ਦੇ ਮਾੜੇ ਅਸਰ ਹੇਠ ਆ ਚੁੱਕਾ ਸੀ – ਪਹਿਲੀ, ਅਮਰੀਕਾ ਦੀ ਭਰਾ-ਮਾਰੂ ਜੰਗ ਦੇ ਖਤਮ ਹੋਣ ਤੋਂ ਬਾਦ ਅਮਰੀਕਾ ਦੇ ਕਿਰਸਾਣ ਨੇ ਆਪਣੀ ਫਸਲ ਧੜਾ-ਧੜ ਯੂਰਪ ਦੀਆਂ ਮੰਡੀਆਂ ਵਿਚ ਲਿਆ ਸੁੱਟੀ। ਦੂਜਾ, ਰੂਸ ਦੇ ਏਸ਼ਿਆਈ ਹਿਸੇ ਦੇ ਕਿਰਸਾਣਾਂ ਨੇ ਵੀ ਯੂਰਪ ਦੀਆਂ ਮੰਡੀਆਂ ਵਿਚ ਆਪਣੀ ਫਸਲ ਲਿਆਉਣੀ ਅਰੰਭ ਦਿਤੀ। ਜਿਸਦਾ ਨਤੀਜਾ ਇਹ ਨਿਕਲਿਆ ਕਿ ਯੂਰਪ ਦੇ ਕਿਰਸਾਣ ਨੂੰ ਆਪਣੀ ਫਸਲ ਦਾ ਲਾਗਤ ਮੁਲ ਮਿਲਣਾ ਵੀ ਔਖਾ ਹੋ ਗਿਆ। ਇਸਦਾ ਹੱਲ ਕਢਿਆ ਡੇਨਮਾਰਕ ਦੇ ਕਿਰਸਾਣ ਨੇ।

ਇਹਨਾਂ ਬਜੁਰਗ ਕਿਰਸਾਣਾਂ ਨੇ ਹਰੀ ਕ੍ਰਾਂਤੀ ਵੀ ਵੇਖੀ ਤੇ ਹੁਣ ਖੇਤੀ ਦੀ ਦਿਨੋ-ਦਿਨ ਮਾੜੀ ਹੁੰਦੀ ਹਾਲਤ ਵੀ ਅਖੀਂ ਵੇਖ ਰਹੇ ਹਨ।
6. ਡੇਨਮਾਰਕ ਦੇ ਕਿਰਸਾਣਾਂ ਨੇ ਸਮੂਹਕ ਫੈਸਲਾ ਇਹ ਲਿਆ ਕਿ ਬਜਾਏ ਅਮਰੀਕਾ ਅਤੇ ਰੂਸ ਦੇ ਮੁਕਾਬਲੇ ਆਪਣੀ ਫਸਲ ਦੇ ਭਾਅ ਸੁੱਟਣ ਤੋਂ ਚੰਗਾ ਹੈ ਕਿ ਜਾਨਵਰ ਪਾਲੇ ਜਾਣ ਅਤੇ ਸਸਤਾ ਅੰਨ ਜਾਨਵਰਾਂ ਨੂੰ ਖਵਾ ਕੇ ਉਹਨਾਂ ਦਾ ਵਧੀਆ ਮੁੱਲ ਵੱਟ ਲਿਆ ਜਾਵੇ। ਸੋ ਨਤੀਜਾ ਇਹ ਨਿਕਲਿਆ ਕਿ ਅਮਰੀਕਾ ਅਤੇ ਰੂਸ ਦੇ ਕਿਰਸਾਣ ਡੇਨਮਾਰਕ (ਅਤੇ ਬਾਦ ਵਿਚ ਯੂਰਪ ਦੇ ਹੋਰਨਾਂ ਮੁਲਕਾਂ) ਦੇ ਕਿਰਸਾਣ ਦੇ ਜਾਨਵਰਾਂ ਲਈ “ਪੱਠੇ ਉਗਾਉਣ ਵਾਲੇ” ਬਣ ਗਏ। ਡੇਨਮਾਰਕ ਦਾ ਕਿਰਸਾਣ ਆਪਣੇ ਜਾਨਵਰਾਂ ਨੂੰ ਕੌਡੀਆਂ ਦੇ ਭਾਅ ਮਿਲਣ ਵਾਲੀ ਮੱਕੀ ਅਤੇ ਕਣਕ ਖਵਾ ਕੇ ਪਾਲਣ ਲੱਗਾ। ਵਧੀਆ ਖੁਰਾਕ ਨਾਲ ਪਲਿਆ ਜਾਨਵਰ ਵਧੀਆ ਮੁੱਲ ਤੇ ਮੰਡੀ ਵਿਚ ਵਿਕਣ ਲੱਗਾ। ਇਹ ਸਿਰਫ ਤਾਂ ਹੀ ਸੰਭਵ ਹੋਇਆ ਕਿਉਂਕਿ ਡੇਨਮਾਰਕ ਦੇ ਜੱਟ ਨੇ ਆਪਣੇ ਮਸਲੇ ਦੇ ਕਾਰਣਾਂ ਦੀ ਨਿਸਾਨਦੇਹੀ ਕਰਕੇ ਸਮੂਹਕ ਹੱਲ ਲਾਗੂ ਕਰ ਦਿਤਾ ਜਿਹਨੇ ਸਾਰੀ ਕੌਮ ਨੂੰ ਉਜੜਣ ਤੋਂ ਬਚਾ ਲਿਆ। ਅੱਜ ਡੇਨਮਾਰਕ ਅਤੇ ਉਥੇ ਦੇ ਬਸਿੰਦੇ ਦੁਨੀਆ ਦੇ ਸੱਭ ਤੋਂ ਵੱਧ ਵਿਕਸਤ ਮੁਲਕਾਂ/ਲੋਕਾਂ ਵਿਚ ਗਿਣੇ ਜਾਂਦੇ ਹਨ।
7. ਜਦੋਂ ਸਮੂਹਕ ਕੋਸਿਸ ਨਾਲ ਮੁਸੀਬਤ ਤੋਂ ਨਿਜਾਤ ਪਾ ਲਈ ਜਾਵੇ ਤਾਂ ਕੌਮੀ ਸੋਚ ਵੀ ਤਾਕਤਵਰ ਹੁੰਦੀ ਹੈ ਅਤੇ ਕੌਮੀ ਅਣਖ ਵੀ। ਇਹ ਅਸੀਂ ਡੇਨਮਾਰਕ ਦੇ ਲੋਕਾਂ ਵਿਚ ਵੇਖ ਸਕਦੇ ਹਾਂ – ਜਿਹੜੇ ਗਿਣਤੀ ਵਿਚ ਸਾਰੀ ਦੁਨੀਆ ਵਿਚ ਸੱਠ ਲੱਖ (60,000,00) ਤੋਂ ਵੀ ਘੱਟ ਹਨ ਪਰ ਆਪਣੇ ਇਤਹਾਸ, ਆਪਣੀ ਭਾਖਾ, ਆਪਣੇ ਸਭਿਆਚਾਰ ਨੂੰ ਹਜਾਰਾਂ ਸਾਲਾਂ ਤੋਂ ਨਾ ਸਿਰਫ ਬਰਕਰਾਰ ਰੱਖੀ ਬੈਠੇ ਹਨ ਬਲਕਿ ਇਹਨਾਂ ਦਾ ਵਿਕਾਸ ਵੀ ਕਰ ਰਹੇ ਹਨ। ਪਰ ਡੇਨਮਾਰਕ ਦਾ ਜੱਟ ਜੇਕਰ ਆਪਣੇ ਆਪ ਨੂੰ ਹੋਰਨਾਂ ਡੇਨਾਂ ਨਾਲੋਂ ਉਚਾ ਸਮਝਣ ਦੀ ਗਲਤੀ ਕਰਦਾ ਤਾਂ ਲਾਜਮੀ ਹੈ ਕਿ ਮੁਸੀਬਤ ਵੇਲੇ ਹੋਰਨਾਂ ਡੇਨਾਂ ਨੇ ਉਸਨੂੰ ਦਰਪੇਸ ਔਕੜਾਂ ਦਾ ਨਾਲੇ ਤਾਂ ਇਕ ਪਾਸੇ ਬਹਿ ਕੇ ਤਮਾਸਾ ਦੇਖਣਾ ਸੀ ਅਤੇ ਨਾਲੇ ਮੁਸਕੜੀਆਂ ਵਿਚ ਹੱਸਣਾ ਸੀ। ਇਥੋਂ ਹੀ ਸਮਝ ਆਉਂਦੀ ਹੈ ਕਿ ਸਰਬਤ ਦੇ ਭਲੇ ਦਾ ਨੁਕਤਾ ਸਿਖੀ ਸੋਚ ਵਿਚ ਕਿੰਨਾ ਅਹਿਮ ਹੈ।

Malkit Kaur, mother of Kuldeep Singh, a cotton farmer who committed suicide, holds his portrait as Kuldeep’s father Thara Singh (R), his brother Hardeep Singh (2nd R) and his widow Bhinder Kaur (L) sit on a cot at their residence on the outskirts of Bathinda – October 28, 2015.
8. ਕੌਮੀ ਅਤੇ ਭਵਿਖ-ਮੁਖੀ ਸੋਚ ਦੀ ਘਾਟ ਦਾ ਨਤੀਜਾ ਹੈ ਕਿ ਪੰਜਾਬ ਦਾ ਜੱਟ ਇਕ-ਜੁਟ ਹੋ ਕੇ ਆਪਣੇ ਮਸਲਿਆਂ ਦੇ ਕਾਰਣਾਂ ਦੀ ਨਾ ਤਾਂ ਨਿਸਾਨਦੇਹੀ ਹੀ ਕਰ ਸਕਿਆ ਹੈ ਅਤੇ ਨਾ ਹੀ ਉਹਨਾਂ ਦਾ ਸਮੂਹਕ ਹੱਲ ਲੱਭ ਸਕਿਆ ਹੈ। ਇਹਨਾਂ ਦੋਹਾਂ ਘਾਟਾਂ ਪਿਛੇ ਕਾਰਣ ਇਕੋ ਹੈ – “ਜੱਟ” ਦਾ ਕਿਰਦਾਰ ਜਿਵੇਂ ਬਾਲੀਵੁਡ/ਪੰਜਾਬੀ ਗਾਇਕਾਂ ਨੇ ਦਰਸਾਇਆ ਹੈ ਆਮ ਨੌਜਵਾਨ ਜੱਟ ਆਪਣੇ-ਆਪ ਨੂੰ ਉਸ ਕਿਰਦਾਰ ਵਿਚ ਫਿਟ ਕਰਣ ਵਿਚ ਹੀ ਖੱਪ ਜਾਂਦਾ ਹੈ। ਸਿਰਫ ਇਹੀ ਨਹੀਂ – ਗੁਰੂ ਪਾਤਿਸਾਹ ਵਲੋਂ ਘੜਿਆ ਸਿਖ ਦਾ ਕਿਰਦਾਰ “ਜੱਟ” ਦੇ ਦਰਸਾਏ ਜਾਂਦੇ ਕਿਰਦਾਰ ਤੋਂ ਬਹੁਤ ਵੱਖਰਾ ਹੈ, ਜਿਸ ਨਾਲ ਨੌਜਵਾਨ ਜੱਟ ਨੂੰ ਅੱਲੜ੍ਹ ਉਮਰੇ ਹੀ ਇਹ ਚੋਣ ਕਰਨੀ ਪੈਂਦੀ ਹੈ ਕਿ ਉਹਨੇ ਸਿਖ ਬਣਨਾ ਹੈ ਕਿ ਜੱਟ। ਵਧੇਰੇ ਖਤਰਨਾਕ ਗੱਲ ਇਹ ਹੈ ਕਿ ਇਹ ਚੋਣ ਕਰਦਿਆਂ ਉਹ ਇਸ ਗੱਲ ਪ੍ਰਤੀ ਸਤਰਕ ਵੀ ਨਹੀਂ ਹੁੰਦਾ ਕਿ ਉਹ ਮੀਡੀਏ ਵਲੋਂ ਬਣਾਏ ਜੱਟ ਦੇ ਕਿਰਦਾਰ ਨੂੰ ਪਹਿਲ ਦੇਣ ਲੱਗਾ ਗੁਰੂ ਤੋਂ ਦੂਰ ਹੋਣ ਦਾ ਫੈਸਲਾ ਕਰ ਰਿਹਾ ਹੈ।
9. ਸੋ ਜਿਹੜੇ ਸਵਾਲ ਪਹਿਲੇ ਭਾਗ ਵਿਚ ਪੁਛੇ ਸਨ ਉਹਨਾਂ ਦਾ ਜਵਾਬ ਕੀ ਹੈ?
a) “ਪੰਜਾਬ ਦਾ ਨੌਜਵਾਨ ਜੱਟ ਖੇਤਾਂ ਵਿਚ ਮਿਟੀ ਨਾਲ ਮਿਟੀ ਹੋਣ ਵਿਚ ਸਰਮ ਕਿਉਂ ਮਹਿਸੂਸ ਕਰਦਾ ਹੈ?”
ਕਿਉਂਕਿ ਮਿਟੀ ਨਾਲ ਮਿਟੀ ਹੋਣਾ ਦਾ ਕੰਮ ਹੁਣ “ਭਈਏ ਕਰਦੇ ਹਨ, ਜੱਟ ਨਹੀਂ”। ਜੇਕਰ ਕੋਈ ਕਿਰਸਾਣ ਸਿਖ ਵੱਧ ਅਤੇ ਜੱਟ ਘੱਟ ਹੋਵੇ ਤਾਂ ਉਸ ਲਈ ਇਹ ਮਸਲਾ “ਸਰਬਤ ਦੇ ਭਲੇ” ਦਾ ਸੰਕਲਪ ਹਲ ਕਰ ਦਿੰਦਾ ਹੈ ਤੇ ਉਸ ਨੂੰ ਮਿਟੀ ਨਾਲ ਮਿਟੀ ਹੋਣ ਵਿਚ ਕੋਈ ਮਸਲਾ ਨਹੀਂ ਖਾਸ ਕਰਕੇ ਜਦੋਂ ਉਹ ਇਹ ਸੋਚੇ ਕਿ ਗੁਰੂ ਨਾਨਕ ਪਾਤਿਸਾਹ ਵੀ ਕਿਸੇ ਸਮੇਂ ਇਵੇਂ ਹੀ ਮਿਟੀ ਨਾਲ ਮਿਟੀ ਹੁੰਦੇ ਸਨ। ਇਹ ਸੋਚਣ ਦੇ ਰਾਹ ਵਿਚ ਸੱਭ ਤੋਂ ਵੱਡਾ ਰੋੜਾ ਜੱਟ ਆਪ ਹੀ ਹੈ – ਕਿਉਂਕਿ “ਉਚਾ ਜੱਟ” ਹੋਰਨਾਂ ਨੂੰ ਹੀ ਆਪਣੇ ਤੋਂ ਥੱਲੇ ਨਹੀਂ ਸਮਝਦਾ ਸਗੋਂ ਘੱਟ ਜਮੀਨ ਵਾਲੇ ਜਾਂ ਜਮੀਨ-ਰਹਿਤ ਜੱਟ ਨੂੰ ਵੀ ਤਿਰਸਕਾਰਦਾ ਹੈ।
b) “ਕਿੰਨੇ ਫੀਸਦੀ ਜੱਟ ਖੇਤੀ ਦੀਆਂ ਪੁਰਾਤਨ ਤਕਨੀਕਾਂ ਤੋਂ ਜਾਣੂ ਹਨ?”
ਸਾਡੇ ਪਿਉ-ਦਾਦਿਆਂ ਦੀ ਪੁਸਤ ਵਿਚ ਤਾਂ ਬਹੁਤ ਸਨ, ਪਰ 1965 ਤੋਂ ਬਾਦ ਜੰਮਣ ਵਾਲਿਆਂ ਵਿਚ ਕੋਈ ਟਾਂਵਾਂ ਹੀ ਹੈ ਜਿਹੜਾ ਪੰਜਾਬ ਦੀ ਰਵਾਇਤੀ ਖੇਤੀ ਨੂੰ ਜਾਣਦਾ ਤੇ ਸਮਝਦਾ ਹੋਵੇ।
c) “ਕਿੰਨੇ ਫੀਸਦੀ ਆਧੁਨਿਕ ਤਕਨੀਕਾਂ ਤੋਂ ਜਾਣੂ ਹਨ?”
ਫੇਰ ਇਹੀ ਕਹਿਣਾ ਪਵੇਗਾ ਕਿ ਕੋਈ ਟਾਂਵਾਂ ਹੀ। ਇਹ ਸਾਇਦ ਹਜਮ ਕਰਨਾ ਔਖਾ ਲੱਗੇ ਪਰ ਇਸਦਾ ਕਾਰਣ ਇਹ ਹੈ ਕਿ ਆਧੁਨਿਕ ਖੇਤੀ-ਬਾੜੀ ਦਾ ਸਭ ਤੋਂ ਅਹਿਮ ਪੱਖ ਵਾਤਾਵਰਣ ਦੀ ਸੰਭਾਲ ਹੈ। ਪੰਜਾਬ ਦਾ ਕਿਹੜਾ ਜੱਟ ਹੈ ਜਿਹੜਾ ਆਲੇ-ਦੁਆਲੇ ਦੀ ਸੰਭਾਲ ਨੂੰ ਤਰਜੀਹ ਦਿੰਦਾ ਹੋਵੇ?
d) “ਜੱਟ ਮਾਪੇ ਆਪਣੇ ਨਿਆਣਿਆਂ ਨੂੰ ਜਿੰਮੀਦਾਰੇ ਦੀ ਬਜਾਏ ਹੋਰਨਾਂ ਕਿੱਤਿਆਂ ਵੱਲ ਕਿਉਂ ਪਰੇਰਦੇ ਹਨ?”
ਇਸਦੇ ਕਈ ਪੱਖ ਹਨ, ਪਰ ਮੁੱਖ ਦੋ ਹਨ – ਜਮੀਨਾਂ ਦੀ ਵਧਦੀ ਪਰਿਵਾਰਕ ਵੰਡ ਅਤੇ ਹਰੇਕ ਪੰਜਾਬੀ ਦਾ ਸੁਪਨਾ ਕਿ “ਮੇਰਾ ਨਿਆਣਾ ਅਫਸਰ ਲੱਗੇ”।
10. ਇਹਨਾਂ ਹਾਲਾਤਾਂ ਦਾ ਹੀ ਇਕ ਹੋਰ ਪੱਖ ਹੈ ਜੋ ਸਾਡਾ ਧਿਆਨ ਮੰਗਦਾ ਹੈ – ਜਿੰਨਾ ਕੋਈ ਜਿਆਦਾ ਜੱਟ ਬਣਦਾ ਜਾਂਦਾ ਹੈ ਉਹ ਉਨੀ ਹੀ ਮਿਕਦਾਰ ਵਿਚ ਸਿਖ ਘਟਦਾ ਜਾਂਦਾ ਹੈ। ਇਸਦਾ ਇਕ ਨਤੀਜਾ ਇਹ ਹੈ ਕਿ ਕਿਰਸਾਣੀ ਨੂੰ ਦਰਪੇਸ ਮਸਲਿਆਂ ਨੂੰ ਅੱਜ “ਜੱਟਾਂ ਦੇ ਮਸਲੇ” ਵਜੋਂ ਵੇਖਿਆ ਜਾ ਰਿਹਾ ਹੈ ਨਾ ਕਿ “ਸਿਖ ਕੌਮ ਦੇ ਮਸਲੇ” ਵਜੋਂ। ਇਸਦਾ ਕਾਰਣ ਵੀ ਸਾਡੇ ਲਈ ਸਾਫ ਹੋਣਾ ਚਾਹੀਦਾ ਹੈ – ਜਾਤ-ਵੰਡ ਸਿਖੀ ਦੇ ਬੂਟੇ ਉਤੇ ਬਾਹਮਣਵਾਦ ਦੀ ਪਿਉਂਦ ਹੈ। ਜੇਕਰ ਅਸੀਂ ਇਸ ਪਿਉਂਦ ਨੂੰ ਸਮਾਂ ਰਹਿੰਦੇ ਕਮਜੋਰ ਨਾ ਕੀਤਾ ਤਾਂ ਇਸਨੇ ਸਿਖੀ ਦੇ ਬੂਟੇ ਦਾ ਮੁਢਲਾ ਸੁਭਾਅ ਨਿਗਲ ਜਾਣਾ ਹੈ।
ਅਜੇ ਇਸ ਸਾਰੇ ਮੁੱਦੇ ਦੇ ਹੋਰ ਬਹੁਤ ਪੱਖ ਹਨ ਵਿਚਾਰਨ ਵਾਲੇ। ਖਾਸ ਕਰਕੇ ਇਹ ਪੱਖ ਕਿ ਸਾਨੂੰ ਕੌਮੀ ਪੱਧਰ ਤੇ ਕੀ ਕਰਨ ਦੀ ਲੋੜ ਹੈ ਕਿ ਅਸੀਂ ਸਿੱਖ ਕਿਰਸਾਣ ਦਾ ਜਿਹੜਾ ਬੋਲ-ਬਾਲਾ ਦੁਨੀਆ ਵਿਚ ਸੀ ਉਹਨੂੰ ਮੁੜ ਕਿਵੇਂ ਬਹਾਲ ਕਰਨਾ ਹੈ। ਇਹਨਾਂ ਅਤੇ ਉਪਰਲੇ ਮੁੱਦਿਆਂ ਨੂੰ ਜੇ ਹੋਇਆ ਤਾਂ ਹੇਠ ਕਮੈਂਟਾਂ ਵਿਚ ਵਿਚਾਰਨ ਦੀ ਕੋਸਿਸ ਕਰਦੇ ਹਾਂ।
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਵਰਪਾਲ ਸਿੰਘ