ਪੰਜਾਬ ਅਤੇ ਜਪਾਨ ਦੇ ਤਰਖਾਣ
1. ਕਿਸੇ ਵੀ ਬੰਦੇ ਲਈ ਅਜਾਦੀ ਨਾਲ ਵਿਚਰਣ ਦੀਆਂ ਮੁਢਲੀਆਂ ਲੋੜਾਂ ਹਨ – ਰੋਟੀ, ਕਪੜਾ ਅਤੇ ਮਕਾਨ। ਜਾਂ ਇਸਨੂੰ ਇਵੇਂ ਕਹਿ ਲਓ ਕਿ ਕੌਮ ਭੋਜਨ, ਪਹਿਰਾਵਾ ਅਤੇ ਇਮਾਰਤਾਂ ਦੀ ਆਤਮਨਿਰਭਰਤਾ ਤੋਂ ਬਿਨਾਂ ਅਜਾਦੀ ਮਹਿਸੂਸ ਨਹੀਂ ਕਰ ਸਕਦੀ। ਇਹਨਾਂ ਵਿਚੋਂ ਇਕ ਨੂੰ ਵੀ ਪਾਸੇ ਕਰ ਦਿਓ ਤਾਂ ਕਿਸੇ ਵੀ ਕੌਮ ਦੀ ਹੋਂਦ ਕਮਜੋਰ ਪੈ ਜਾਂਦੀ ਹੈ। ਸਾਡੀ ਹਾਲਤ ਇਹ ਹੈ ਕਿ ਸਾਡੇ ਖੇਤਾਂ ਵਿਚ ਕੰਮ ਕਰਨ ਵਾਲੇ ਆਤਮਹੱਤਿਆ ਕਰ ਰਹੇ ਹਨ ਅਤੇ ਚਮੜੇ ਦਾ ਕੰਮ ਕਰਨ ਵਾਲੇ ਸਾਡੇ ਹੱਥੋਂ ਹੀ ਦੁਰਕਾਰੇ ਜਾ ਰਹੇ ਹਨ।
2. ਹੁਣ ਆਪਾਂ ਆਈਏ ਤਰਖਾਣਾਂ ਅਤੇ ਮਿਸਤਰੀਆਂ ਵੱਲ – ਯਾਨੀ ਮਕਾਨਾਂ ਵੱਲ। ਅਰਬ ਮੁਲਕਾਂ ਦੀ ਉਸਾਰੀ ਸਾਡੇ ਇਹਨਾਂ ਉਸਰੱਈਆਂ ਕਰਕੇ ਹੀ ਹੋਈ ਹੈ। ਪਰ ਮਸਲਾ ਇਹ ਹੈ ਕਿ ਅਸੀਂ ਆਪਣਾ ਉਸਾਰੀ ਗਿਆਨ ਤਿਆਗ ਦਿਤਾ ਹੈ ਅਤੇ ਸਿਰਫ ਦੂਜਿਆਂ ਦੀਆਂ ਚਿਤਵੀਆਂ ਇਮਾਰਤਾਂ ਹੀ ਉਸਾਰ ਰਹੇ ਹਾਂ। ਆਪਣੇ ਆਲੇ-ਦੁਆਲੇ ਝਾਤ ਮਾਰ ਕੇ ਵੇਖੋ ਕਿ ਸਿਖਾਂ ਦੀਆਂ ਉਸਾਰੀ ਤਕਨੀਕਾਂ ਨਾਲ ਸਿਰਜੀਆਂ ਇਮਾਰਤਾਂ ਕਿਥੇ ਹਨ। ਬੜੇ ਸੋਚੇ-ਸਮਝੇ ਤਰੀਕੇ ਨਾਲ ਇਹਨਾਂ ਇਮਾਰਤਾਂ ਦੀ ਹੋਂਦ ਹੌਲੀ ਹੌਲੀ ਖਤਮ ਕੀਤੀ ਜਾ ਰਹੀ ਹੈ। ਇਥੇ ਤੱਕ ਕਿ ਸਾਡੇ ਇਤਿਹਾਸਕ ਸਥਾਨ ਵੀ ਇਸ ਤੋਂ ਬੱਚ ਨਹੀਂ ਸਕੇ। ਅੱਜ ਪੰਜਾਬ ਦੇ ਪਿੰਡਾਂ ਵਿਚ ਵੀ ਭਈਏ ਮਿਸਤਰੀ/ਤਰਖਾਣ ਸਾਡੇ ਇਟਾਂ-ਸੀਮੰਟ ਦੇ ਘਰ ਸਿਰਜ ਰਹੇ ਹਨ। ਇਸ ਤੋਂ ਉਲਟ ਪੱਛਮੀ ਮੁਲਕਾਂ ਵਾਲੇ ਗਾਰੇ ਅਤੇ ਘਾਣੀ ਤੋਂ ਬਣੇ ਘਰਾਂ ਦੇ ਲਾਭ ਮੁੜ ਤੋਂ ਪਛਾਣ ਰਹੇ ਹਨ। ਇਹੀ ਨਹੀਂ ਸਾਡੇ ਵਿਚੋਂ ਬਹੁਗਿਣਤੀ ਇਸ ਝੂਠ ਨੂੰ ਸੱਚ ਮੰਨੀ ਬੈਠੀ ਹੈ ਕਿ ਸਿਖਾਂ ਕੋਲ ਉਸਾਰੀ-ਗਿਆਨ ਹੈ ਹੀ ਨਹੀਂ। ਕੇਵਲ ਦਰਬਾਰ ਸਾਹਿਬ ਦੀ ਇਮਾਰਤ ਹੀ ਇਸ ਝੂਠ ਦੇ ਪਾਜ ਉਘੇੜਣ ਲਈ ਕਾਫੀ ਹੈ। ਜੇਕਰ ਅਸੀਂ ਗੁਰੂ ਸਾਹਿਬਾਨ ਵਲੋਂ ਉਸਾਰੇ ਨਗਰਾਂ ਦੀ ਗੱਲ ਕਰੀਏ ਤਾਂ ਸਹੀ ਸਮਝ ਪੈਂਦੀ ਹੈ ਕਿ ਸਿਖ ਉਸਾਰੀ-ਕਲਾ ਤੋਂ ਸਾਨੂੰ ਕਿਸ ਹੱਦ ਤੱਕ ਨਿਖੇੜ ਦਿਤਾ ਗਿਆ ਹੈ।
3. ਗਿਆਨ ਦੀ ਹਰ ਸਾਖ ਦਾ ਸਤਿਕਾਰ ਸਿਖ ਰਹਿਣੀ-ਬਹਿਣੀ ਦਾ ਮੁਢਲਾ ਅਸੂਲ ਰਿਹਾ ਹੈ। ਇਸ ਬਾਬਤ ਗੁਰੂ ਸਾਹਿਬ ਦਾ ਬਿਆਨ ਹੈ: “ਗਿਆਨ ਖੰਡ ਮਹਿ ਗਿਆਨੁ ਪਰਚੰਡੁ ॥ ਤਿਥੈ ਨਾਦ ਬਿਨੋਦ ਕੋਡ ਅਨੰਦੁ ॥” ਪਰ ਅਸੀਂ ਨਾ ਤਾਂ ਗਿਆਨ ਦੀ ਪਰਚੰਡਤਾ ਕਾਇਮ ਰਖਣ ਦੀ ਕੋਸਿਸ ਕਰ ਰਹੇ ਹਾਂ ਤੇ ਨਾ ਹੀ ਗਿਆਨ ਇਕੱਠਾ ਕਰਣ ਦੇ ਅਸੀਮਤ ਅਨੰਦ ਨੂੰ ਸਿਖੀ ਜੀਵਣ ਦੇ ਉਚੇਰੇ ਟੀਚੇ ਵਜੋਂ ਵੇਖ ਰਹੇ ਹਾਂ। [ਸਾਡੀ ਨਿਘਰ ਰਹੀ ਹਾਲਤ ਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਕ ਗਿਆਨ-ਵਿਹੂਣਾ ਬੰਦਾ ਠੱਗੀਆਂ ਮਾਰ ਕੇ ਕਮਾਏ ਪੈਸੇ ਦੇ ਜੋਰ ਤੇ ਕਥਾਕਾਰਾਂ ਨੂੰ “ਕਥਾਰੀਏ”, ਵਿਚਾਰਕ-ਵਿਰੋਧੀਆਂ ਨੂੰ “ਚੂਹੜੇ, ਹਰਾਮਜਾਦੇ”, ਰਾਗੀਆਂ ਨੂੰ “ਟਕੇ ਟਕੇ ਤੇ ਵਿਕਣ ਵਾਲੇ ਭੰਡ ਮਰਾਸੀ” ਆਦਿ ਕਹਿਣ ਵਿਚ ਸਰਮ ਮਹਿਸੂਸ ਨਹੀਂ ਕਰਦਾ, ਪਰ ਭੇਸ ਸਿਖ ਦਾ ਬਣਾ ਕੇ ਵਿਚਰਦਾ ਹੈ। ਇਹ ਇਵੇਂ ਹੀ ਹੈ ਜਿਵੇਂ ਸੱਜਣ ਠੱਗ ਕਿਸੇ ਜਮਾਨੇ ਵਿਚ ਆਪਣੇ ਵਿਰੋਧੀਆਂ ਨੂੰ ਦੁਰਕਾਰਦਾ ਸੀ ਅਤੇ ਆਪਣੇ ਆਪ ਨੂੰ ਸੱਚਾ ਅਤੇ ਸੁੱਚਾ ਗਰਦਾਨਦਾ ਸੀ।]
4. ਲੋੜ ਇਸ ਵੇਲੇ ਇਹ ਹੈ ਕਿ ਤਰਖਾਣ, ਜੱਟ, ਚਮਾਰ, ਜੁਲਾਹੇ ਆਦਿ ਦਾ ਮੁੰਡਾ ਜਾਂ ਕੁੜੀ ਪੜ੍ਹਾਈ ਕਰਕੇ ਭਾਵੇਂ ਡਾਕਟਰ, ਇੰਜੀਨੀਅਰ ਜਾਂ ਜੱਜ ਬਣਨ ਪਰ ਆਪਣੇ ਘਰੋਂ ਜੱਦੀ-ਗਿਆਨ ਜਰੂਰ ਹਾਸਲ ਕਰਣ। ਇਸ ਵਿਚ ਜਪਾਨ ਦੇ ਤਰਖਾਣ ਵੀ ਬਹੁਤ ਵਧੀਆ ਉਧਾਰਣ ਸਾਡੇ ਸਾਹਮਣੇ ਰਖਦੇ ਹਨ। ਇਹਨਾਂ ਉਸਰੱਈਆਂ ਦਾ ਅੱਜ ਤੋਂ ਇਕ ਹਜਾਰ ਸਾਲ ਪਹਿਲਾਂ ਬਣਾਇਆ ਬੋਧੀ ਮੰਦਰ ਉਹ ਸਾਰੇ ਭੁਚਾਲ ਝੱਲ ਰਿਹਾ ਹੈ ਜਿਹੜੇ ਅਧੁਨਿਕ ਇਮਾਰਤਾਂ ਨੂੰ ਢਹਿ-ਢੇਰੀ ਕਰ ਜਾਂਦੇ ਹਨ। ਦੂਜੀ ਹੋਰ ਵੱਡੀ ਗੱਲ ਇਹ ਕਿ ਜਪਾਨੀ ਤਰਖਾਣੀ ਵਿਚ ਕੋਈ ਕਿੱਲ ਨਹੀਂ ਵਰਤੇ ਜਾਂਦੇ ਸਨ। ਅੱਜ ਦੇ ਇੰਜੀਨੀਅਰ ਹੁਣ ਪੁਰਾਣੀਆਂ ਇਮਾਰਤਾਂ ਨੂੰ ਵੇਖ ਕੇ ਉਹਨਾਂ ਵਿਚ ਵਰਤੀਆਂ ਤਕਨੀਕਾਂ ਸਮਝਣ ਦੀ ਕੋਸਿਸ ਕਰ ਰਹੇ ਹਨ ਤਾਂ ਕਿ ਭੂਚਾਲ ਝਲਣ ਜੋਗੀਆਂ ਇਮਾਰਤਾਂ ਬਣਾ ਸਕਣ।
5. ਇਸ ਦੀ ਇਕ ਹੋਰ ਵਧੀਆ ਉਧਾਰਣ ਪੁਰਾਤਨ ਰਾਗੀ ਭਾਈ ਅਵਤਾਰ ਸਿੰਘ ਦੇ ਪਰਿਵਾਰ ਦੀ ਹੈ ਜਿਹੜੇ ਪੰਜਵੇਂ ਪਾਤਿਸਾਹ ਦੇ ਸਮੇਂ ਤੋਂ ਕੀਰਤਨ ਦੀ ਪ੍ਰਥਾ ਨਾਲ ਜੁੜੇ ਹੋਏ ਹਨ। ਭਾਈ ਕੁਲਤਾਰ ਸਿੰਘ (ਭਾਈ ਅਵਤਾਰ ਸਿੰਘ ਦੇ ਸਪੁਤਰ) ਇਸ ਵੇਲੇ ਬਾਰ੍ਹਵੀਂ ਪੀੜੀ ਹੈ ਇਸ ਪਰਿਵਾਰ ਦੀ ਜਿਹੜੀ ਕੀਰਤਨ ਪਰੰਪਰਾ ਨੂੰ ਅਤੇ ਕੀਰਤਨ ਗਿਆਨ ਨੂੰ ਸਾਂਭ ਕੇ ਰੱਖ ਰਹੀ ਹੈ। ਇਸ ਪਰਿਵਾਰ ਦੀ ਜਿਹੜੀ ਗੱਲ ਹੋਰ ਪਰਸੰਸਾ ਜੋਗ ਹੈ ਉਹ ਇਹ ਹੈ ਕਿ ਕੀਰਤਨ ਦੇ ਨਾਲ ਨਾਲ ਆਪਣੇ ਪਰਿਵਾਰਕ ਤਰਖਾਣੀ ਕਿੱਤੇ ਨੂੰ ਵੀ ਦੋ ਪੁਸਤਾਂ ਪਿਛੇ ਤੱਕ ਉਵੇਂ ਹੀ ਸਾਂਭ ਕੇ ਰੱਖਦੇ ਰਹੇ। ਭਾਈ ਕੁਲਤਾਰ ਸਿੰਘ ਭਾਵੇਂ ਪੜ੍ਹਾਈ ਪਖੋਂ ਇੰਜੀਨੀਅਰ ਹਨ, ਪਰ ਕੀਰਤਨ ਦੀ ਸੇਵਾ ਪੂਰੀ ਸਰਧਾ ਨਾਲ ਨਿਭਾਉਂਦੇ ਹਨ।
ਹੇਠਲੀਆਂ ਦੋ ਵੀਡਿਓ ਜਰੂਰ ਵੇਖੋ।
a) ਇਕ ਮਰੋਕੋ ਦੀ ਹੈ ਜਿਸ ਵਿਚ ਸਦੀਆਂ ਤੋਂ ਵਰਤੀਆਂ ਜਾਂਦੀਆਂ ਤਰਖਾਣੀ ਤਕਨੀਕਾਂ ਵੇਖ ਕੇ ਨਾਲੇ ਤਾਂ ਮਨ ਖੁਸ ਹੁੰਦਾ ਹੈ ਤੇ ਨਾਲ ਹੀ ਇਹ ਵੀ ਮਹਿਸੂਸ ਹੁੰਦਾ ਹੈ ਕਿ ਜਦੋਂ ਤੁਹਾਡੇ ਕੋਲ ਗਿਆਨ ਹੋਵੇ ਤਾਂ ਔਖੇ ਲੱਗਣ ਵਾਲੇ ਕੰਮ ਵੀ ਕਿੰਨੇ ਸੁਖਾਲੇ ਲਗਦੇ ਹਨ।
b) ਦੂਜੀ ਵੀਡਿਓ ਭਾਈ ਅਵਤਾਰ ਸਿੰਘ ਭਾਈ ਗੁਰਚਰਨ ਸਿੰਘ ਦੇ ਕੀਰਤਨ ਦੀ ਹੈ ਜਿਸ ਵਿਚ ਪੁਰਾਤਨ ਕੀਰਤਨ ਦੀ ਸੁਗੰਧੀ ਦਿਲ ਨੂੰ ਅਸੀਮ ਉਲਹਾਸ ਨਾਲ ਭਰ ਦਿੰਦੀ ਹੈ।
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥
ਵਰਪਾਲ ਸਿੰਘ