ਜਾਤ ਦਾ ਕੋੜ੍ਹ ਅਤੇ ਇਸਦਾ ਸਿੱਖਾਂ ਉਤੇ ਅਸਰ – ਭਾਗ ਤੀਜਾ

Spread the love

ਪੰਜਾਬ ਅਤੇ ਇਟਲੀ ਦੇ ਚਮਾਰ 

1. ਇਕ ਨੁਕਤਾ ਉਹਨਾਂ ਸਾਰਿਆਂ ਨੂੰ ਸਮਝਣ ਦੀ ਲੋੜ ਹੈ ਜਿਹੜੇ ਜਾਤ-ਵਿਤਕਰੇ ਦੇ ਵਿਰੋਧੀ ਹਨ – ਜਾਤ ਜਾਂ ਜਾਤ-ਸਮੂਹ ਦਾ ਨਾਮ ਬਦਲਣ ਨਾਲ ਵਿਤਕਰਾ ਖਤਮ ਨਹੀਂ ਕੀਤਾ ਜਾ ਸਕਦਾ। ਇਸ ਦਲੀਲ ਦੇ ਹੱਕ ਵਿਚ ਇਹ ਵਿਚਾਰੋ – ਕੀ “ਹਰੀਜਨ” ਕਹਿਣ ਨਾਲ ਵਿਤਕਰਾ ਦੂਰ ਹੋ ਗਿਆ? ਕੀ “ਦਲਿਤ” ਕਹਿਣ ਨਾਲ ਵਿਤਕਰਾ ਘੱਟ ਗਿਆ? “ਸ਼ਡਿਊਡ ਕਾਸਟ” ਕਿਸੇ ਜਾਤ ਦਾ ਨਾਮ ਤਾਂ ਨਹੀਂ – ਵਿਤਕਰਾ ਕਰਨ ਵਾਲੇ ਇਸ ਅੱਖਰ ਨੂੰ ਵੀ ਗਾਲ੍ਹ ਵਾਂਗ ਹੀ ਵਰਤਦੇ ਹਨ। ਇਸਦੇ ਉਲਟ “ਚਮਾਰ” ਉਹ ਅਖਰ ਹੈ ਜਿਸ ਨੂੰ ਭਗਤ ਰਵਿਦਾਸ ਜੀ ਬੜੀ ਨਿਮਰਤਾ ਨਾਲ ਅਤੇ ਬਿਨਾਂ ਕਿਸੇ ਹੀਨ-ਭਾਵਣਾ ਦੇ ਆਪਣੇ ਲਈ ਵਰਤਦੇ ਹਨ। ਇਸ ਲਈ ਜਾਤ-ਵਿਤਕਰੇ ਨੂੰ ਦੂਰ ਕਰਨ ਦਾ ਹੱਲ ਇਹ ਨਹੀਂ ਕਿ ਕਿਸੇ ਅੱਖਰ ਤੇ ਪਾਬੰਦੀ ਲਾ ਦਿਤੀ ਜਾਵੇ – ਕਿਉਂਕਿ ਵਿਤਕਰਾ ਕਰਣ ਵਾਲਿਆਂ ਨੇ ਆਪਣੀ ਨਫਰਤ ਦਾ ਇਜਹਾਰ ਕਰਨ ਲਈ ਕੋਈ ਨਾ ਕੋਈ ਤਰੀਕਾ ਕੱਢ ਹੀ ਲੈਣਾ ਹੈ। ਮਿਸਾਲ ਵਜੋਂ, ਅਮਰੀਕਾ ਦੇ ਨਸਲੀ-ਵਿਤਕਰਾ ਕਰਨ ਵਾਲਿਆਂ ਨੇ ਜਨਤਕ ਥਾਂਵਾਂ ਉਤੇ (ਬੱਸਾਂ, ਗੱਡੀਆਂ ਵਿਚ) ਅਫਰੀਕਨ ਮੂਲ ਦੇ ਬੰਦਿਆਂ ਪ੍ਰਤੀ ਆਪਣੀ ਨਫਰਤ ਜਾਹਰ ਕਰਨ ਲਈ “ਕਨੇਡੀਅਨ” ਅੱਖਰ ਨੂੰ ਕੋਡ ਵਜੋਂ ਵਰਤਣਾ ਅਰੰਭ ਦਿਤਾ ਹੈ! (ਇਸਦੀ ਵਰਤੋਂ ਤੇ ਚਾਨਣਾ ਪਾਉਂਦੀ ਨਾਲ ਲੱਗੀ ਤਸਵੀਰ ਵੇਖੋ)।

2. ਫਿਰ ਵਿਤਕਰੇ ਦੇ ਪੀੜਤਾਂ ਕੋਲ ਕੀ ਚਾਰਾ ਹੈ? ਇਥੋਂ ਚਰਚਾ ਇਸ ਨੁਕਤੇ ਦੇ ਘੇਰੇ ਅੰਦਰ ਹੋਵੇਗੀ ਕਿ ਅਸੀਂ ਗੱਲ ਸਿਰਫ ਸਿਖਾਂ ਦੀ ਕਰ ਰਹੇ ਹਾਂ, ਭਾਵੇਂ ਵਿਚਾਰੇ ਜਾ ਰਹੇ ਨੁਕਤੇ ਹੋਰਨਾਂ ਤੇ ਵੀ ਲਾਗੂ ਹੁੰਦੇ ਹਨ।
a) ਹਰ ਜਾਤ, ਧਰਮ, ਨਸਲ, ਆਦਿ ਸਮੂਹ ਜਾਂ ਇਕ ਇਕੱਲਾ ਬੰਦਾ, ਜਿਹਨੂੰ ਨਫਰਤ ਦਾ ਨਿਸਾਨਾ ਬਣਾਇਆ ਜਾਂਦਾ ਹੈ, ਉਹ ਆਪਣੇ ਆਪ ਨੂੰ ਇਸ ਨਫਰਤ ਦੇ ਅਸਰਾਂ ਤੋਂ ਉਪਰ ਲੈ ਕੇ ਆਏ। ਜਾਨੀ ਜੇਕਰ ਗੁੱਸੇ ਤੇ ਕਾਬੂ ਪਾ ਲਿਆ ਅਤੇ ਕੱਢੀ ਗਾਲ੍ਹ ਦਾ ਗੁੱਸਾ ਨਾ ਕੀਤਾ ਤਾਂ ਅੱਧੀ ਨਫਰਤ ਵੈਸੇ ਹੀ ਮਰ ਜਾਂਦੀ ਹੈ। ਇਹੀ ਨੁਕਤਾ ਉਸ ਹਾਲਤ ਤੇ ਵੀ ਲੱਗਦਾ ਹੈ ਜਿਸ ਵਿਚ ਸਿਖਾਂ ਨੂੰ ਚੁਟਕਲਿਆਂ ਦਾ ਪਾਤਰ ਬਣਾ ਕੇ ਹਿੰਦੂ ਅੱਤਵਾਦੀ ਆਪਣੀ ਨਫਰਤ ਦੀ ਭੜਾਸ ਕੱਢਦਾ ਹੈ।
b) ਦੂਜਾ ਕੰਮ ਇਹ ਹੈ ਕਿ ਆਪਣੀ ਪਛਾਣ ਦੇ ਮਾਣ-ਮੱਤੇ ਪੱਖਾਂ ਨੂੰ ਤਾਕਤਵਰ ਬਣਾਉਣਾ ਅਤੇ ਜਿਹੜਾ ਪੱਖ ਤੁਹਾਡੇ ਕਿਰਦਾਰ ਨੂੰ ਕਮਜੋਰ ਕਰਦਾ ਹੈ ਉਸ ਨੂੰ ਸਮੂਹਕ ਜਾਂ ਨਿਜੀ ਰੂਪ ਵਿਚ ਤਿਆਗਣ ਵੱਲ ਟੁਰਨਾ। ਇਹ ਨੁਕਤਾ ਉਸ ਹਰੇਕ ਲੋਕ-ਸਮੂਹ ਤੇ ਲੱਗਦਾ ਹੈ ਜਿਸਨੂੰ ਨਫਰਤ ਅਤੇ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ ਹੈ।
c) ਅਜਿਹੀ ਨਫਰਤ ਅਤੇ ਇਸਦੇ ਹੀਣ-ਭਾਵਣਾ ਨਾਲ ਰਿਸਤੇ ਨੂੰ ਸਮਝਣ ਲਈ ਇਹ ਉਧਾਰਣਾਂ ਵਿਚਾਰੋ – ਜਦੋਂ ਦੋ ਜੱਟ ਆਪਸ ਵਿਚ ਗੱਲ ਕਰਦੇ ਹਨ ਜਿਹਨਾਂ ਵਿਚ ਇਕ ਕੋਲ 50 ਖੇਤ ਹਨ ਪਰ ਦੂਜੇ ਕੋਲ ਦੋ ਵੀ ਨਹੀਂ, ਤਾਂ ਹੀਣ ਭਾਵਨਾਂ ਦਾ ਸਿਕਾਰ ਤਾਂ ਦੋ ਖੇਤਾਂ ਵਾਲਾ ਵੀ ਹੁੰਦਾ ਹੈ। ਜੇਕਰ ਦੋ ਖੇਤਾਂ ਵਾਲਾ ਇਕ ਅਜਿਹੇ ਜੱਟ ਨਾਲ ਗੱਲ ਕਰ ਰਿਹਾ ਹੈ ਜਿਸ ਕੋਲ ਜਮੀਨ ਹੈ ਹੀ ਨਹੀਂ, ਤਾਂ ਉਹ ਵੀ ਜਮੀਨ-ਰਹਿਤ ਜੱਟ ਨੂੰ ਹੀਣ-ਭਾਵਣਾ ਦਾ ਅਹਿਸਾਸ ਕਰਾਉਣ ਵਿਚ ਕੋਈ ਕਸਰ ਨਹੀਂ ਛੱਡਦਾ।
d) ਵਿਆਹਾਂ-ਸਾਕਾਂ ਸਮੇਂ ਅਸੀਂ ਅਕਸਰ ਵੇਖਦੇ ਹਾਂ ਕਿ ਜਿਥੇ ਮਾਲੀ ਹਾਲਤ ਮੇਲ ਨਾ ਖਾਂਦੀ ਹੋਵੇ ਉਥੇ ਬਦੋ-ਬਦੀ ਹੀਣ-ਭਾਵਨਾ ਦਾ ਸਿਕਾਰ ਹੋ ਕੇ ਰਿਸਤਾ ਜੁੜਣ ਤੋਂ ਪਹਿਲਾਂ ਹੀ ਦੋਹੇਂ ਧਿਰਾਂ ਦਰਾਰ ਦੀ ਨੀਂਹ ਰੱਖ ਦਿੰਦੀਆਂ ਹਨ। ਇਹ ਵੀ ਕਹਿਣਾ ਜਰੂਰੀ ਹੈ ਕਿ “ਹੀਣ ਭਾਵਨਾ” ਸਿਰਫ ਕਮਜੋਰ ਧਿਰ ਵਿਚ ਹੀ ਨਹੀਂ ਪਣਪਦੀ ਸਗੋਂ ਤਾਕਤਵਰ ਧਿਰ ਵਿਚ ਜਿਆਦਾ ਪਾਈ ਜਾਂਦੀ ਹੈ। ਤਾਕਤਵਰ ਧਿਰ ਦੇ ਦੂਜੀ ਧਿਰ ਨੂੰ ਨੀਵਾਂ ਵਿਖਾਉਣ ਪਿਛੇ ਵੀ ਹੀਣ-ਭਾਵਨਾ ਹੀ ਹੁੰਦੀ ਹੈ – ਕਿਉਂਕਿ ਦੂਜੀ ਧਿਰ ਦੇ ਹੀਣ-ਭਾਵਨਾ ਦੇ ਅਹਿਸਾਸ ਵਿਚੋਂ ਹੀ ਇਹ ਧਿਰ ਆਪਣੀ ਤਾਕਤ ਮਹਿਸੂਸ ਕਰਦੀ ਹੈ। ਜੇਕਰ ਦੂਜੀ ਧਿਰ ਹੀਣ-ਭਾਵਨਾ ਨਹੀਂ ਮਹਿਸੂਸ ਕਰਦੀ ਤਾਂ ਤਾਕਤਵਰ ਧਿਰ ਨੂੰ ਇਹ ਸੰਦੇਸ ਜਾਂਦਾ ਹੈ ਕਿ ਉਸਦੀ ਤਾਕਤ ਨੂੰ ਕਬੂਲਿਆ ਨਹੀਂ ਗਿਆ। ਸਿਖ ਇਤਹਾਸ ਇਸੇ ਨੁਕਤੇ ਦੁਆਲੇ ਸਿਰਜਿਆ ਗਿਆ ਹੈ – ਕਿ ਸਿਖਾਂ ਨੇ ਕਿਸੇ ਦੀ ਵੀ ਤਾਕਤ ਨਹੀਂ ਕਬੂਲੀ, ਭਾਵੇਂ ਇਹ “ਤਾਕਤ” ਸਮਾਜਕ (ਬਾਹਮਣ, ਮੁੱਲਾ, ਆਦਿ) ਸੀ ਤੇ ਭਾਵੇਂ ਰਾਜਸੀ (ਹਿੰਦੂ ਪਹਾੜੀ ਰਾਜੇ, ਮੁਸਲਮਾਨ ਬਾਦਸਾਹ, ਆਦਿ)।
e) ਅਜਿਹੇ ਹੀਣ-ਭਾਵਨਾ ਤੋਂ ਉਪਜੇ ਵਿਹਾਰ ਵਿਚ ਹੀ ਪੰਜਾਬ ਦੇ ਭਰਸਟਾਚਾਰ/ਬੇਈਮਾਨ ਨਿਜਾਮ ਦੀ ਜੜ੍ਹ ਹੈ – ਜਿਸ ਵਿਚ ਤਾਕਤਵਰ ਧਿਰ, ਕਨੂੰਨ ਦੀਆਂ ਧਜੀਆਂ ਉਡਾ ਕੇ, ਉਹ ਹਰ ਹੀਲਾ ਵਰਤਦੀ ਹੈ ਜਿਸ ਨਾਲ ਹੋਰਨਾਂ ਧਿਰਾਂ ਕੋਲੋਂ ਆਪਣੀ ਈਨ ਮਨਵਾ ਸਕੇ; ਅਤੇ ਕਮਜੋਰ ਧਿਰ ਕਨੂੰਨ ਦੀ ਪਰਵਾਹ ਕੀਤੇ ਬਿਨਾਂ ਉਹ ਸਾਰੇ ਹੀਲੇ ਵਰਤਦੀ ਹੈ ਜਿਸ ਨਾਲ ਉਹ “ਤਾਕਤ” (ਭਾਵੇਂ ਪੈਸੇ ਦੀ ਤੇ ਭਾਵੇਂ ਅਹੁਦੇ ਦੀ) ਹਾਸਲ ਕਰ ਸਕੇ ਜਿਹੜੀ ਉਸ ਕੋਲ ਹੈ ਨਹੀਂ।

3. ਇਸ ਉਪਰ ਕੀਤੀ ਚਰਚਾ ਵਿਚ ਹੀ ਸਿਖਾਂ ਵਿਚ ਚਮੜੇ ਨਾਲ ਸਬੰਧਤ ਤਕਨਾਲਜੀ ਦਾ ਗਿਆਨ ਵਿਕਸਤ ਕਰਨ ਵਾਲੇ ਲੋਕਾਂ – ਜਿਹੜੇ ਚਮਾਰ ਜਾਤ ਵਿਚੋਂ ਨਿਕਲ ਕੇ ਸਿਖ ਬਣੇ – ਵਿਚ ਹੀਣ-ਭਾਵਨਾ ਦੇ ਸਿਕਾਰ ਬੰਦੇ ਅਤੇ ਉਹਨਾਂ ਨੂੰ ਹੀਣ-ਭਾਵਨਾ ਦਾ ਅਹਿਸਾਸ ਕਰਾਉਣ ਦੀ ਕੋਸਿਸ ਕਰਣ ਵਾਲਿਆਂ ਲਈ ਇਕ ਸਾਂਝਾ ਸੰਦੇਸ ਹੈ। ਉਹ ਇਹ ਕਿ ਜੇਕਰ ਸਿਖ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਹੈ ਤਾਂ ਦੋਹੇਂ ਧਿਰਾਂ ਆਪਣਾ ਵਿਹਾਰ ਬਦਲਣ।

4. ਸਨਅਤੀਕਰਣ ਤੋਂ ਪਹਿਲਾਂ ਤੱਕ, ਹਰੇਕ ਸਮਾਜ ਵਿਚ ਚਮੜੇ ਦੀ ਤਕਨਾਲਜੀ ਵਿਕਸਤ ਕਰਣ ਵਾਲੇ ਅਤੇ ਇਸ ਦੀ ਵਰਤੋਂ ਕਰਣ ਵਾਲੇ ਬੰਦੇ ਸਨ। ਇਹ ਸਿਰਫ ਭਾਰਤੀ ਉਪ-ਮਹਾਂਦੀਪ ਵਿਚ ਹੀ ਹੈ ਕਿ ਚਮੜੇ ਦਾ ਕੰਮ ਕਰਣ ਵਾਲਿਆਂ ਨੂੰ ਤਿਰਸਕਾਰਿਆ ਗਿਆ। ਹੋਰਨਾਂ ਸਮਾਜਾਂ ਵਿਚ ਚਮੜੇ ਦੇ ਚੰਗੇ ਕਾਰੀਗਰਾਂ ਦੇ ਹੁਨਰ ਦਾ ਹੋਰਨਾਂ ਹੁਨਰਮੰਦਾਂ ਵਾਂਗ ਸਤਿਕਾਰ ਕੀਤਾ ਜਾਂਦਾ ਸੀ। ਇਸ ਵਿਚ ਇਟਲੀ ਦੇ ਚਮਾਰਾਂ (ਚਮੜਾ ਕਾਰੀਗਰਾਂ) ਦੀ ਉਧਾਰਣ ਵਧੀਆ ਹੈ ਜਿਹਨਾਂ ਨੇ ਸਨਅਤੀਕਰਣ ਦੇ ਬਾਵਜੂਦ ਆਪਣੇ ਹੁਨਰ ਦੇ ਜੱਦੀ ਤਰੀਕੇ ਨਾ ਸਿਰਫ ਕਾਇਮ ਰੱਖੇ ਬਲਕਿ ਹੱਥੀ ਬਣਾਈਆਂ ਜੁਤੀਆਂ, ਕਮਰਕੱਸਿਆਂ, ਪੋਸਾਕਾਂ, ਕਿਤਾਬਾਂ ਦੀਆਂ ਜਿਲਦਾਂ, ਆਦਿ ਦੀ ਕਵਾਲਟੀ ਸਨਅਤੀ ਕਵਾਲਟੀ ਨਾਲੋਂ ਕਿਤੇ ਵਧੀਆ ਰੱਖ ਕੇ ਇਹਨਾਂ ਨੂੰ ਕੀਮਤੀ ਕ੍ਰਿਤੀਆਂ ਦਾ ਰੂਪ ਦੇ ਦਿਤਾ। ਮਸਲਨ ਇਟਲੀ ਦੇ ਆਮ ਚਮਾਰ ਦੀ ਬਣਾਈ ਜੁੱਤੀ ਵੀਹ ਹਜਾਰ ਰੁਪਈਆਂ ਤੋਂ ਵੱਧ ਕੀਮਤ ਤੋਂ ਵਿਕਣੀ ਅਰੰਭ ਹੁੰਦੀ ਹੈ। ਇਵੇਂ ਹੀ ਬਰਤਾਨੀਆ ਦਾ ਚਮਾਰ ਘਰਾਣਾ ਜਿਸ ਕੋਲ ਬਰਤਾਨੀਆ ਦੇ ਰਾਜ-ਘਰਾਣੇ ਨੂੰ ਚਮੜੇ ਦੀਆਂ ਕ੍ਰਿਤੀਆਂ ਸਪਲਾਈ ਕਰਣ ਦਾ ਲਾਈਸੈਂਸ ਹੈ ਉਸਦੀਆਂ ਬਣਾਈਆਂ ਜੁਤੀਆਂ ਅੱਸੀ ਹਜਾਰ ਰੁਪਈਏ ਤੋਂ ਵਿਕਣੀਆਂ ਅਰੰਭ ਹੁੰਦੀਆਂ ਹਨ।

5. ਕੌਮੀ-ਪੱਧਰ ਤੇ ਸਾਡੇ ਵਿਚਾਰਣ ਵਾਲੀ ਗੱਲ ਇਹ ਹੈ ਕਿ “ਚਮਾਰ” ਨੂੰ ਗਾਲ੍ਹ ਦਾ ਰੂਪ ਦੇਣਾ ਅਜੋਕੇ ਸਿਖ ਦੇ ਕਿਰਦਾਰ ਪ੍ਰਤੀ ਕੀ ਦਰਸਾਉਂਦਾ ਹੈ :-
a) ਅਸੀਂ ਜਾਤ-ਪਾਤ ਨੂੰ ਨਕਾਰਣ ਦੀ ਗੱਲ ਤਾਂ ਕਰਦੇ ਹਾਂ ਪਰ ਅਮਲੀ ਰੂਪ ਵਿਚ ਜਾਤ-ਵਿਤਕਰੇ ਨੂੰ ਖਤਮ ਨਹੀਂ ਕਰ ਸਕੇ।
b) ਗਿਆਨ ਦੇ ਸਤਿਕਾਰ ਦੀ ਗੱਲ ਤਾਂ ਕਰਦੇ ਹਾਂ ਪਰ ਗਿਆਨਵਾਨ ਦੇ ਸਤਿਕਾਰ ਨੂੰ ਉਸ ਵੇਲੇ ਪਿਛਾਂਹ ਸੁੱਟ ਦਿੰਦੇ ਹਾਂ ਜਦੋਂ ਸਾਨੂੰ ਲਗਦਾ ਹੈ ਕਿ ਸਤਿਕਾਰ ਕਰਕੇ ਅਸੀਂ ਆਪਣਾ ਸਮਾਜਕ ਦਰਜਾ ਕਿਤੇ ਘਟਾ ਨਾ ਲਈਏ।
c) ਪੈਸੇ ਦਾ ਮੋਹ ਅਤੇ ਸਮਾਜਕ ਦਰਜੇ ਦੀ ਭੁੱਖ ਸਾਨੂੰ ਗੁਰੂ ਦੀ ਹੁਕਮ-ਅਦੂਲੀ ਕਰਣ ਵੱਲ ਪ੍ਰੇਰ ਰਹੇ ਹਨ ਜਿਸ ਨੂੰ ਅਸੀਂ ਵਿਚਾਰ ਵੀ ਨਹੀਂ ਰਹੇ।

6. ਅਖੀਰ ਵਿਚ ਗੱਲ ਇਥੇ ਮੁਕਾਉਂਦੇ ਹਾਂ ਕਿ ਸਿਖ ਲਈ ਚਮੜੇ ਦੀ ਤਕਨਾਲਜੀ ਦਾ ਗਿਆਨ ਕੌਮੀ ਅਜਾਦ ਸੋਚ ਦੇ ਵਿਕਾਸ ਲਈ ਬਹੁਤ ਜਰੂਰੀ ਹੈ। ਅਜਾਦੀ ਸਿਰਫ ਰਾਜਸੀ ਨਹੀਂ ਹੁੰਦੀ – ਰਾਜਸੀ ਅਜਾਦੀ ਥੋੜ੍ਹ-ਚਿਰੀ ਹੁੰਦੀ ਹੈ ਜੇਕਰ ਅਸੀਂ ਸਮਾਜ ਦੇ ਹਰੇਕ ਪੱਖ ਨੂੰ ਇਜਤ ਅਤੇ ਅਜਾਦੀ ਨਾਲ ਵਿਕਸਤ ਹੋਣ ਦੀ ਜਗਾ੍ਹ ਮੁਹਈਆ ਨਹੀਂ ਕਰਦੇ।

ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕੀ ਫਤਿਹ॥

ਵਰਪਾਲ ਸਿੰਘ

Leave a Reply

Your email address will not be published. Required fields are marked *